ਪ੍ਰਤਾਪ ਸਿੰਘ ਬਾਜਵਾ

ਪੰਜਾਬ : ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਚੰਨੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 11 ਨਵੰਬਰ 2021 : ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪੱਤਰ ਲਿਖ ਕੇ ਗੁਰਦਾਸਪੁਰ ਤੋਂ ਬਟਾਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਬਟਾਲਾ ਨੂੰ ਸੂਬੇ ਦਾ 24ਵਾਂ ਜ਼ਿਲ੍ਹਾ ਬਣਾਇਆ ਜਾਵੇ ਤਾਂ ਜੋ ਇਸ ਅਹਿਮ ਸ਼ਹਿਰ ਦਾ ਸਹੀ ਵਿਕਾਸ ਹੋ ਸਕੇ। ਦੋਵਾਂ ਮੰਤਰੀਆਂ ਨੇ ਕੈਪਟਨ ਤੋਂ ਇਹ ਵੀ ਮੰਗ ਕੀਤੀ ਸੀ ਕਿ ਇਤਿਹਾਸਕ ਨਗਰ ਫਤਿਹਗੜ੍ਹ ਚੂੜੀਆਂ ਅਤੇ ਸ੍ਰੀ ਹਰਗੋਬਿੰਦਪੁਰ ਜਾਂ ਘੁਮਾਣ ਨੂੰ ਇਸ ਨਵੇਂ ਜ਼ਿਲ੍ਹੇ ਦੀ ਨਵੀਂ ਸਬ-ਡਵੀਜ਼ਨ ਬਣਾਇਆ ਜਾਵੇ।

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਟਾਲਾ ਵਿਖੇ ਹੋਇਆ ਸੀ ਵਿਆਹ

ਬਟਾਲਾ ਇੱਕ ਇਤਿਹਾਸਕ ਸ਼ਹਿਰ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 8 ਜੁਲਾਈ 1487 ਨੂੰ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਨਾਲ ਹੋਇਆ। ਉਸ ਦੀ ਯਾਦ ਵਿਚ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹਨ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਲਈ ਬਟਾਲਾ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿੱਚ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਤਿ ਕਟਾਰੀਆ ਸੁਸ਼ੋਭਿਤ ਹੈ।

ਲਾਹੌਰ ਅਤੇ ਅੰਮ੍ਰਿਤਸਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਬਟਾਲਾ ਸਿੱਖ ਰਾਜ ਦਾ ਮਹੱਤਵਪੂਰਨ ਸ਼ਹਿਰ ਸੀ। ਇਸ ਰਾਜ ਦੇ ਸਮੇਂ ਦੀਆਂ ਵਿਰਾਸਤੀ ਇਮਾਰਤਾਂ ਅੱਜ ਵੀ ਮੌਜੂਦ ਹਨ, ਜਿਨ੍ਹਾਂ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਅਤੇ ਜਲ ਮਹਿਲ (ਬਾਰਾਂਦਰੀ) ਵਿਸ਼ੇਸ਼ ਹਨ। ਇਸ ਸ਼ਹਿਰ ਦੇ ਨੇੜੇ ਇਤਿਹਾਸਕ ਕਾਲੀ ਮੰਦਰ ਅਤੇ ਸਤੀ ਲਕਸ਼ਮੀ ਦੇਵੀ ਸਮਾਧੀ ਤੋਂ ਇਲਾਵਾ ਅਚਲ ਸਾਹਿਬ ਦਾ ਇਤਿਹਾਸਕ ਸਥਾਨ ਹੈ, ਜਿੱਥੇ ਭਗਵਾਨ ਸ਼ਿਵ ਦੇ ਪੁੱਤਰ ਕਾਰਤੀਕੇਯ ਦੀ ਯਾਦ ਵਿੱਚ ਅਚਲੇਸ਼ਵਰ ਧਾਮ ਸੁਸ਼ੋਭਿਤ ਹੈ। ਅੱਚਲ ਸਾਹਿਬ ਜੀ ਦੇ ਅਸਥਾਨ ‘ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੱਲਬਾਤ ਕੀਤੀ ਸੀ।

Scroll to Top