30 ਸਤੰਬਰ 2024 : ਪਿਛਲੇ ਦਿਨਾਂ ਵਿੱਚ ਪਾਵਰਸ ਰੋਡ ਤੇ ਸਥਿਤ ਡੀਐਸਪੀ ਦੀ ਰਿਹਾਇਸ਼ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੁੂੰ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਸਾਂਝੇ ਓਪਰੇਸ਼ਨ ਦੌਰਾਨ 2 ਔਰਤਾਂ ਨੂੰ ਬਿਹਾਰ ਤੋ ਲੱਖਾਂ ਰੁਪਏ ਦੇ ਸੋਨੇ-ਡਾਇਮੰਡ ਦੇ ਚੋਰੀ ਹੋਏ ਗਹਿਣਿਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।
ਜਾਣਕਾਰੀ ਦਿੰਦੇ ਹੋਏ ਅਮਨੀਤ ਕੌਂਡਲ ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆਂ ਕਿ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਸਾਂਝੇ ਓਪਰੇਸ਼ਨ ਦੌਰਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ 2 ਪਰਵਾਸੀ ਔਰਤਾਂ ਨੂੰ ਬਿਹਾਰ ਦੇ ਭਾਗਲਪੁਰ ਜਿਲ੍ਹੇ ਦੇ ਕਹਿਲਗਾਓ ਤੋਂ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਚੋਰੀ ਕੀਤੇ ਸੋਨਾ-ਡਾਇਮੰਡ ਦੇ ਗਹਿਣੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ।
ਸੀਆਈਡੀ ਵਿਭਾਗ ਵਿੱਚ ਤੈਨਾਤ ਡੀਐਸਪੀ ਪਰਮਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਵੇਰ ਸਮੇਂ ਉਸਦੇ ਦੇ ਘਰ 2 ਅਣਪਛਾਤੀਆਂ ਔਰਤਾਂ ਆਈਆਂ ਸਨ।ਜਿਹਨਾਂ ਨਾਲ ਮੁੱਦਈ ਦੀ ਆਪਣੇ ਘਰ ਦੀ ਸਾਫ ਸਫਾਈ ਦੇ ਕੰਮ ਕਰਨ ਸਬੰਧੀ ਗੱਲਬਾਤ ਹੋਈ ਸੀ ਅਤੇ ਇਸੇ ਦਿਨ ਹੀ ਆਪਣੇ ਘਰ ਦੀ ਸਾਫ ਸਫਾਈ ਵੀ ਕਰਵਾਈ ਗਈ ਸੀ।ਜੋ ਅਗਲੇ ਦਿਨ ਉਕਤ ਔਰਤਾਂ ਕੰਮ ਪਰ ਨਹੀ ਆਈਆਂ ਸਨ, ਇਸੇ ਦਿਨ ਮੁੱਦਈ ਵੱਲੋਂ ਆਪਣੇ ਘਰ ਦੀ ਅਲਮਾਰੀ ਦੀ ਚੈਕਿੰਗ ਕਰਨ ਦੌਰਾਨ ਪਾਇਆ ਕਿ ਅਲਮਾਰੀ ਵਿੱਚ ਰੱਖੇ ਹੋਏ ਸੋਨੇ ਅਤੇ ਡਾਇਮੰਡ ਦੇ ਗਹਿਣੇ ਆਪਣੀ ਜਗ੍ਹਾ ਤੋਂ ਗਾਇਬ ਸਨ।
ਜੋ ਬਾਅਦ ਵਿੱਚ ਮੁੱਦਈ ਨੂੰ ਪਤਾ ਲੱਗਾ ਕਿ ਉਸਦੇ ਘਰ ਕੱਲ ਕੰਮ ਕਰਨ ਆਈਆਂ ਉਕਤ 2 ਪਰਵਾਸੀ ਔਰਤਾਂ ਵੱਲੋਂ ਉਹਨਾਂ ਦੇ ਘਰੋਂ ਉਕਤ ਜੇਵਰਾਤ ਚੋਰੀ ਕਰ ਲਏ ਗਏ ਹਨ।ਜਿਹਨਾਂ ਗਹਿਣਿਆਂ ਦੀ ਕੀਮਤ ਲੱਗਭਗ 22-23 ਲੱਖ ਰੁਪਏ ਬਣਦੀ ਸੀ।ਇਸ ਵਾਰਦਾਤ ਨੂੰ ਟਰੇਸ ਕਰਨ ਲਈ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ।
ਜੋ ਟੈਕਨੀਕਲ ,ਸੀ.ਸੀ.ਟੀ.ਵੀ ਫੁਟੇਜ ਅਤੇ ਖੂਫੀਆ ਸੋਰਸਾਂ ਦੀ ਮੱਦਦ ਨਾਲ ਕਾਰਵਾਈ ਕਰਦੇ ਹੋਏ ਮੁੱਕਦਮਾ ਉਕਤ ਵਿੱਚ ਬੰਟੀ ਕੁਮਾਰੀ ਅਤੇ ਰੂਬੀ ਦੇਵੀ ਵਾਸੀ ਲਖਨਊ ਹਾਲ ਵਾਸੀਆਨ ਵਾਰਡ ਨੰ 17 ਸ਼ਿਵ ਕੁਮਾਰੀ ਪਹਾੜ ਜਿਲ੍ਹਾ ਭਾਗਲਪੁਰ, ਬਿਹਾਰ ਨੂੰ ਭਾਗਲਪੁਰ ਜਿਲ੍ਹੇ ਦੇ ਕਹਿਲਗਾਓ ਤੋਂ ਗ੍ਰਿਫਤਾਰ ਕਰਕੇ ਮਾਨਯੋਗ ਇਲਾਕਾ ਮੈਜਿਸਟਰੇਟ ਦੇ ਪੇਸ਼ ਕਰਕੇ ਰਾਹਦਾਰੀ ਰਿਮਾਂਡ ਹਾਸਲ ਕੀਤਾ ਗਿਆ।ਜਿਹਨਾਂ ਪਾਸੋਂ ਚੋਰੀ ਕੀਤੇ 23 ਤੋਲੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਗਏ।ਦੋਨਾਂ ਦੋਸ਼ਣਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਿਲ ਕੀਤਾ ਜਾਵੇਗਾ, ਜਿਹਨਾਂ ਪਾਸੋਂ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਟਰੇਸ ਹੋਣ ਦੀ ਸੰਭਾਵਨਾ ਹੈ।’