ਚੰਡੀਗੜ੍ਹ, 5 ਅਪ੍ਰੈਲ 2024: ਪੰਜਾਬ ਕਿੰਗਜ਼ (Punjab Kings) ਨੇ ਇੰਡੀਅਨ ਪ੍ਰੀਮੀਅਰ ਲੀਗ (IPL 2024) ਦੇ ਇਕ ਰੋਮਾਂਚਕ ਮੈਚ ‘ਚ ਵੀਰਵਾਰ ਨੂੰ ਗੁਜਰਾਤ ਟਾਈਟਨਸ ਨੂੰ ਹਰਾ ਦਿੱਤਾ। ਵੀਰਵਾਰ ਨੂੰ ਅਹਿਮਦਾਬਾਦ ‘ਚ ਟਾਇਟਨਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 199 ਦੌੜਾਂ ਬਣਾਈਆਂ। ਪੰਜਾਬ ਨੇ 19.5 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਪੰਜਾਬ ਦੇ ਕਪਤਾਨ ਸ਼ਿਖਰ ਧਵਨ ਇੰਡੀਅਨ ਪ੍ਰੀਮੀਅਰ ਲੀਗ ‘ਚ ਰਿਕਾਰਡ 40ਵੀਂ ਵਾਰ ਬੋਲਡ ਹੋਏ। ਉਥੇ ਹੀ ਸਾਈ ਸੁਦਰਸ਼ਨ 17 ਪਾਰੀਆਂ ਤੋਂ ਬਾਅਦ ਲੀਗ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬਣ ਗਏ ਹਨ। ਗੁਜਰਾਤ ਦੇ ਫੀਲਡਰਾਂ ਨੇ ਅਹਿਮ ਪਲਾਂ ‘ਤੇ ਕੈਚ ਛੱਡੇ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਿਆ ਅਤੇ ਟੀਮ ਮੈਚ ਹਾਰ ਗਈ। ਰਿਧੀਮਾਨ ਸਾਹਾ ਡੀਆਰਐਸ ਲੈਣ ਕਾਰਨ ਨਾਟ ਆਊਟ ਰਹੇ ਪਰ ਉਹ ਇਸ ਦਾ ਜ਼ਿਆਦਾ ਫਾਇਦਾ ਨਹੀਂ ਉਠਾ ਸਕੇ।
ਇਸ ਨਾਲ ਪੰਜਾਬ ਕਿੰਗਜ਼ (Punjab Kings) ਨੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਛੇਵੀਂ ਵਾਰ 200 ਜਾਂ ਇਸ ਤੋਂ ਵੱਧ ਦੌੜਾਂ ਦਾ ਟੀਚਾ ਹਾਸਲ ਕੀਤਾ ਹੈ । ਪੰਜਾਬ ਕਿੰਗਜ਼ ਨੇ ਮੁੰਬਈ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 5 ਵਾਰ 200 ਪਲੱਸ ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਹੈ।