July 2, 2024 10:11 pm
ਸ਼ਹੀਦ ਭਗਤ ਸਿੰਘ ਯੁਵਾ ਐਵਾਰਡ

ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਦੇਣ ਦੀ ਮੁੜ ਸ਼ੁਰੂਆਤ ਕੀਤੀ: ਮੀਤ ਹੇਅਰ

ਪਟਿਆਲਾ 10 ਦਸੰਬਰ 2022: ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਅੰਤਰ-ਵਰਸਿਟੀ ਯੁਵਕ ਮੇਲੇ ਦਾ ਆਗ਼ਾਜ਼ ਕਰਵਾਇਆ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਅਜਿਹੇ ਯੁਵਕ ਮੇਲੇ ਸਾਡੀ ਨੌਜਵਾਨੀ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰਕੇ ਉਨ੍ਹਾਂ ਦੇ ਆਤਮ ਵਿਸ਼ਵਾਸ਼ ਨੂੰ ਵਧਾਉਂਦੇ ਹੋਏ ਅੱਗੇ ਵੱਧਣ ਲਈ ਪ੍ਰੇਰਤ ਕਰਦੇ ਹਨ, ਇਸ ਲਈ ਭਗਵੰਤ ਮਾਨ ਸਰਕਾਰ ਹਰ ਵਰ੍ਹੇ ਅਜਿਹੇ ਮੇਲੇ ਹੋਰ ਵਧੀਆ ਢੰਗ ਨਾਲ ਕਰਵਾਏਗੀ।

ਕਰੀਬ 10 ਸਾਲਾਂ ਬਾਅਦ ਕਿਸੇ ਸਰਕਾਰੀ ਯੂਨੀਵਰਸਿਟੀ ਵਿੱਚ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਦੇ ਉਦਾਘਾਟਨ ਮਗਰੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਰਾਜ ਵਿੱਚ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਸੀ ਅਤੇ ਹੁਣ ਹਰ ਜ਼ਿਲ੍ਹੇ ‘ਚੋਂ ਦੋ ਨੌਜਵਾਨਾਂ ਨੂੰ ਇਹ ਐਵਾਰਡ ਤੇ 50 ਹਜ਼ਾਰ ਰੁਪਏ ਦਾ ਨਗ਼ਦ ਪੁਰਸਕਾਰ ਦਿੱਤਾ ਜਾਵੇਗਾ, ਜਿਸ ਲਈ ਵੱਖ-ਵੱਖ ਖੇਤਰਾਂ ‘ਚ ਸ਼ਲਾਘਾਯੋਗ ਜਾਂ ਬਹਾਦਰੀ ਵਾਲਾ ਕੰਮ ਕਰਨ ਵਾਲੇ ਨੌਜਵਾਨਾਂ ਇਸ ਐਵਾਰਡ ਲਈ ਜਰੂਰ ਆਨਲਾਈਨ ਅਪਲਾਈ ਕਰਨ।

ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਬੀਨੂ ਢਿੱਲੋਂ, ਰਾਣਾ ਰਣਬੀਰ ਤੇ ਦਿੱਵਿਆ ਦੱਤਾ ਆਦਿ ਕਲਾਕਾਰਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਹ ਯੁਵਕ ਮੇਲਾ ਸਾਡੇ ਨੌਜਵਾਨਾਂ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰ ਰਿਹਾ ਹੈ, ਜਿੱਥੇ ਉਹ ਪੁਰਾਤਨ ਵਿਰਸੇ ਨੂੰ ਸੰਭਾਲਦੇ ਹੋਏ ਕਰੋਸ਼ੀਆ, ਨਾਲੇ, ਪੱਖੀਆਂ ਦੀ ਬੁਣਾਈ ਕਰਦੇ ਹੋਏ ਕਢਾਈ ਕੱਢਕੇ ਤੇ ਗੁੱਡੀਆਂ-ਪਟੋਲੇ ਬਣਾ ਕੇ ਜਿੱਥੇ ਕਲਾ, ਸੱਭਿਆਚਾਰ ਤੇ ਆਪਣੇ ਪਿਛੋਕੜ ਨਾਲ ਜੁੜ ਰਹੇ ਹਨ ਉਥੇ ਹੀ ਵੱਖ-ਵੱਖ ਲੋਕ ਕਲਾਵਾਂ ਵਿੱਚ ਹਿੱਸਾ ਲੈਕੇ ਆਪਣੀ ਪ੍ਰਤਿਭਾ ਵੀ ਦਿਖਾ ਰਹੇ ਹਨ।

ਯੁਵਕ ਮੇਲੇ ਵਿੱਚ ਹਿੱਸਾ ਲੈ ਰਹੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਹ ਯੁਵਕ ਮੇਲਾ ਨੌਜਵਾਨਾਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਦਾ ਹੈ, ਇਸ ਲਈ ਜਿਹੜੇ ਕਿਸੇ ਵਾਧੂ ਸਰਗਰਮੀ ‘ਚ ਅਜੇ ਭਾਗ ਨਹੀਂ ਲੈ ਰਹੇ, ਉਹ ਵੀ ਕਿਸੇ ਨਾ ਕਿਸੇ ਵੰਨਗੀ ‘ਚ ਜਰੂਰ ਹਿੱਸਾ ਲਿਆ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਬਹੁਤ ਉਦਮੀ ਹਨ, ਉਨ੍ਹਾਂ ਨੇ ਇਕੱਲੇ ਆਪਣੇ ਮੁਲਕ ‘ਚ ਹੀ ਨਹੀਂ ਤਰੱਕੀ ਨਹੀਂ ਕੀਤੀ ਸਗੋਂ ਬਾਹਰਲੇ ਮੁਲਕਾਂ ‘ਚ ਵੀ ਹਰ ਪੱਖੋਂ ਤਰੱਕੀ ਕਰਦੇ ਹੋਏ ਆਪਣੇ ਸੱਭਿਆਚਾਰ ਤੇ ਅਮੀਰ ਵਿਰਸੇ ਨੂੰ ਵੀ ਸੰਭਾਲਿਆ ਹੈ।

ਵਾਈਸ ਚਾਂਸਲਰ ਪੋ. ਅਰਵਿੰਦ ਨੇ ਇਹ ਯੁਵਕ ਮੇਲੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਕਲਾਵਾਂ ਨੂੰ ਪ੍ਰਫੁੱਲਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਤਰ੍ਹਾਂ ਨਿਭਾਏਗੀ।

ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਯੁਵਕ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਮੇਜਰ ਆਰ.ਪੀ.ਐਸ. ਮਲਹੋਤਰਾ, ਆਪ ਦੇ ਐਸ.ਸੀ. ਸੈਲ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ, ਲੋਕ ਸਭਾ ਹਲਕੇ ਦੇ ਸਹਿ-ਇੰਚਾਰਜ ਪ੍ਰੀਤੀ ਮਲਹੋਤਰਾ, ਮੁਲਾਜਮ ਵਿੰਗ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਜੇ.ਪੀ. ਸਿੰਘ, ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਪ੍ਰੋ. ਭੀਮਇੰਦਰ ਸਿੰਘ, ਡਾ. ਨਿਵੇਦਿਤਾ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਦਲਜੀਤ ਅਮੀ, ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਗਗਨ ਥਾਪਾ ਸਮੇਤ ਰਾਜ ਭਰ ਤੋਂ ਪੁੱਜੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤ ਵਿਦਿਆਰਥੀ ਮੌਜੂਦ ਸਨ।

ਇਸ ਅੰਤਰ-ਵਰਸਿਟੀ ਯੁਵਕ ਮੇਲੇ ‘ਚ ਰਵਾਇਤੀ ਪਹਿਰਾਵਾ, ਗਿੱਧਾ, ਲੰਮੀਆਂ ਹੇਕਾਂ ਵਾਲੇ ਲੋਕ ਗੀਤ, ਲੋਕ ਗੀਤ, ਗਰੁੱਪ ਲੋਕ ਗੀਤ, ਫੋਕ ਆਰਕੈਸਟਰਾ, ਭੰਗੜਾ, ਕਵੀਸ਼ਰੀ, ਕਲੀ ਗਾਇਣ, ਵਾਰ ਗਾਇਣ, ਭੰਡ, ਮਮਿਕਰੀ, ਭਾਸ਼ਣ ਕਲਾ, ਵਾਦ-ਵਿਵਾਦ, ਕਲਾਸੀਕਲ ਵੋਕਲ, ਇੰਸਟਰੂਮੈਂਟ, ਲੋਕ ਨਾਚ, ਕਰੋਸ਼ੀਏ, ਨਾਲਾ, ਪੱਖੀ, ਗੁੱਡੀਆਂ ਪਟੋਲੇ, ਪਰਾਂਦਾ, ਕਢਾਈ, ਰੱਸਾ ਵੱਟਣਾ, ਪੀੜ੍ਹੀ, ਟੋਕਰੀ, ਛਿੱਕੂ, ਮਿੱਟੀ ਦੇ ਖਿਡੌਣੇ, ਇੰਨੂ ਬਣਾਉਣਾ, ਰੰਗੋਲੀ, ਕਲੇਅ ਮਾਡਲਿੰਗ, ਸਟਿੱਲ ਲਾਈਵ, ਮਹਿੰਦੀ, ਮੌਕੇ ‘ਤੇ ਚਿੱਤਰਕਾਰੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ ਤੇ ਇੰਸਟਾਲੇਸ਼ਨ ਆਦਿ ਦੇ 39 ਵੰਨਗੀਆਂ ਦੇ ਮੁਕਾਬਿਲਆਂ ਵਿੱਚ ਰਾਜ ਦੀਆਂ 13 ਯੂਨੀਵਰਸਿਟੀਆਂ ਤੋਂ 1200 ਤੋਂ ਵਧੇਰੇ ਵਿਦਿਆਰਥੀ ਭਾਗ ਲੈ ਰਹੇ ਹਨ।