ਚੰਡੀਗੜ੍ਹ 02 ਜੂਨ 2022: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ‘ਚ ਹੈ | ਵੱਖ ਵੱਖ ਸਿਆਸੀ ਆਗੂਆਂ ਵਲੋਂ ਲਗਾਤਾਰ ਉਨ੍ਹਾਂ ‘ਤੇ ਸਵਾਲ ਉਠਾਏ ਜਾ ਰਹੇ ਹਨ | ਇਸ ਦੌਰਾਨ ਭਗਵੰਤ ਮਾਨ ਸਰਕਾਰ ਨੇ ਵੀਵੀਆਈਪੀਜ਼ ਦੀ ਸੁਰੱਖਿਆ ਨੂੰ ਲੈ ਕੇ ਯੂ-ਟਰਨ ਲਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 40 ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ 424 ਲੋਕਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ। ਇਸ ਫੈਸਲੇ ਤੋਂ ਬਾਅਦ ਮਾਨ ਸਰਕਾਰ ਸੁਰੱਖਿਆ ‘ਚ ਕਟੌਤੀ ਨੂੰ ਜਨਤਕ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ ਸੀ। ਅਗਲੇ ਹੀ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਉਨ੍ਹਾਂ ਦੇ ਪਿੰਡ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਇਸ ਵਾਰ ਸਰਕਾਰ ਨੇ ਆਪਣੀ ਗਲਤੀ ਤੋਂ ਸਬਕ ਲੈਂਦਿਆਂ ਸੁਰੱਖਿਆ ਬਹਾਲ ਕਰਦੇ ਸਮੇਂ ਬਹੁਤ ਚੌਕਸੀ ਵਰਤੀ ਹੈ ਅਤੇ ਕਿਸੇ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ ਹੈ। ਸਰਕਾਰ ਨੇ ਪੁਲਿਸ ਵਿਭਾਗ ਤੋਂ ਵੀਵੀਆਈਪੀਜ਼ ਦੀ ਸੁਰੱਖਿਆ ਨਾਲ ਸਬੰਧਤ ਤਾਜ਼ਾ ਰਿਪੋਰਟ ਵੀ ਤਲਬ ਕੀਤੀ ਹੈ।