ਚੰਡੀਗੜ੍ਹ 23 ਅਪ੍ਰੈਲ 2022: ਪੰਜਾਬ ਸਰਕਾਰ ਵਲੋਂ ਮੋਟਰਸਾਈਕਲਾਂ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ । ਇਸ ਸੰਬੰਧੀ ਵਧੀਕ ਡੀਜੀਪੀ (ਟਰੈਫਿਕ) ਨੇ ਇਹ ਰੇਹੜੀਆਂ ਬੰਦ ਕਰਾਉਣ ਲਈ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ।
ਇਨ੍ਹਾਂ ਮੋਟਰਸਾਈਕਲਾਂ ਦੀਆਂ ਜਗਾੜੂ ਰੇਹੜੀਆਂ ਰਾਹੀਂ ਲੋਕਾਂ ਵੱਲੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸਵਾਰੀਆਂ ਦੀ ਢੋਆ-ਢੁਆਈ ਕੀਤੀ ਜਾਂਦੀ ਹੈ। ਇਸ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕੌਮੀ ਮਾਰਗਾਂ ’ਤੇ ਇਹ ਰੇਹੜੀਆਂ ਲੋਕਾਂ ਦੀ ਜਾਨ ਲਈ ਖ਼ਤਰਾ ਵੀ ਬਣ ਰਹੀਆਂ ਹਨ ਕਿਉਂਕਿ 10-10 ਬੰਦੇ ਲੱਦ ਕੇ ਉਨ੍ਹਾਂ ਨੂੰ ਸੜਕਾਂ ’ਤੇ ਦੌੜਾਇਆ ਜਾਂਦਾ ਹੈ।
ਇਸਦੇ ਨਾਲ ਹੀ ਹੁਕਮਾਂ ‘ਚ ਕਿਹਾ ਗਿਆ ਮੁਤਾਬਕ ਜੁਗਾੜੂ ਰੇਹੜੀਆਂ ਦੀ ਵਰਤੋਂ ਸੀਮਿੰਟ, ਬੱਜਰੀ, ਇੱਟਾਂ, ਰੇਤ, ਸਰੀਆ ਅਤੇ ਇਲੈਕਟ੍ਰਾਨਿਕ ਦਾ ਸਾਮਾਨ ਢੋਣ ਲਈ ਵੀ ਕੀਤੀ ਜਾਂਦੀ ਹੈ। ਭਾਰੀ ਸਾਮਾਨ ਲੱਦੀਆਂ ਇਹ ਰੇਹੜੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਵਧੀਕ ਡੀਜੀਪੀ ਨੇ ਇਨ੍ਹਾਂ ਰੇਹੜੀਆਂ ਨੂੰ ਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਪੁਲੀਸ ਦੀ ਇਹ ਮੁਹਿੰਮ ਗਰੀਬਾਂ ’ਤੇ ਭਾਰੀ ਪਵੇਗੀ ਕਿਉਂਕਿ ਇਹ ਰੇਹੜੀਆਂ ਰੁਜ਼ਗਾਰ ਦਾ ਸਾਧਨ ਬਣੀਆਂ ਹੋਈਆਂ ਹਨ। ਪਿੰਡਾਂ ਵਿੱਚ ਰੇਹੜੀ-ਫੜੀ ਵਾਲੇ ਅਕਸਰ ਸਬਜ਼ੀਆਂ ਅਤੇ ਹੋਰ ਸਮਾਨ ਵੇਚਣ ਲਈ ਵੀ ਇਨ੍ਹਾਂ ਦੀ ਵਰਤੋਂ ਕਰਦੇ ਹਨ।ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰੇਹੜੀਆਂ ਹਾਦਸਿਆਂ ਦਾ ਕਾਰਨ ਤਾਂ ਬਣ ਹੀ ਰਹੀਆਂ ਹਨ ਸਗੋਂ ਟਰਾਂਸਪੋਰਟ ਐਕਟ ਦੀ ਵੀ ਉਲੰਘਣਾ ਹੋ ਰਹੀ ਹੈ ਕਿਉਂਕਿ ਕਿਸੇ ਵੀ ਵਾਹਨ ਦਾ ਅਸਲ ਸਰੂਪ ਵਿਗਾੜ ਕੇ ਜਾਂ ਭੰਨ-ਤੋੜ ਕਰਕੇ ਵੱਖਰੀ ਕਿਸਮ ਦਾ ਵਾਹਨ ਤਿਆਰ ਨਹੀਂ ਕੀਤਾ ਜਾ ਸਕਦਾ ਹੈ।