Site icon TheUnmute.com

Punjab: ਪੰਜਾਬ ਸਰਕਾਰ ਦਾ ਵੱਡਾ ਐਲਾਨ, ਮਿਡ-ਡੇ-ਮੀਲ ਵਰਕਰਾਂ ਲਈ ਹੋਣਗੇ ਮੁਫ਼ਤ ਬੀਮੇ

Mid-Day Meal

ਚੰਡੀਗੜ੍ਹ, 28 ਅਕਤੂਬਰ 2024: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਮਿਡ-ਡੇ-ਮੀਲ ਸੁਸਾਇਟੀ ਨੇ ਕੇਨਰਾ ਬੈਂਕ ਨਾਲ ਸਮਝੌਤਾ ਕੀਤਾ ਹੈ | ਇਸ ਤਹਿਤ ਮਿਡ-ਡੇ-ਮੀਲ (Mid-Day Meal) ਕੁੱਕ ਅਤੇ ਹੈਲਪਰਾਂ ਦਾ ਮੁਫ਼ਤ ਬੀਮਾ ਕੀਤਾ ਜਾਵੇਗਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ ਨੇ ਵੀ ਕੇਂਦਰ ਸਰਕਾਰ ਨੂੰ ਇੱਕ ਅਰਧ-ਸਰਕਾਰੀ ਪੱਤਰ ਲਿਖ ਕੇ ਮਿਡ-ਡੇ-ਮੀਲ ਕੁੱਕਾਂ ਦੀ ਤਨਖਾਹ 600 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਦੀ ਸਿਫਾਰਸ਼ ਕੀਤੀ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਦਫ਼ਤਰ ਵਿਖੇ ਮਿਡ-ਡੇ-ਮੀਲ ਕੁੱਕਜ਼ ਯੂਨੀਅਨ ਪੰਜਾਬ (ਬੀ.ਐਮ.ਐਸ.) ਨਾਲ ਬੈਠਕ ਕੀਤੀ | ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਕੇਨਰਾ ਬੈਂਕ ‘ਚ ਜ਼ੀਰੋ ਬੈਲੇਂਸ ਖਾਤਾ ਖੋਲ੍ਹਣ ਵਾਲੇ ਸਾਰੇ ਮਿਡ-ਡੇ-ਮੀਲ (Mid-Day Meal) ਕੁੱਕਾਂ ਨੂੰ ਹੈਲਪਰਾਂ ਨੂੰ ਇਸ ਬੀਮਾ ਯੋਜਨਾ ਦੇ ਤਹਿਤ ਕਵਰ ਕੀਤਾ ਜਾਵੇਗਾ। ਇਸ ਯੋਜਨਾ ‘ਚ ਦੁਰਘਟਨਾ ‘ਚ ਮੌਤ ਦੇ ਮਾਮਲੇ ‘ਚ 16 ਲੱਖ ਰੁਪਏ, ਕੁਦਰਤੀ ਮੌਤ ਦੇ ਮਾਮਲੇ ‘ਚ 1 ਲੱਖ ਰੁਪਏ ਅਤੇ ਦੁਰਘਟਨਾ ‘ਚ ਜੀਵਨ ਸਾਥੀ ਦੀ ਮੌਤ ਦੇ ਮਾਮਲੇ ‘ਚ 2 ਲੱਖ ਰੁਪਏ ਦਾ ਬੀਮਾ ਕਵਰੇਜ ਸ਼ਾਮਲ ਹੈ।

ਇਸਦੇ ਨਾਲ ਹੀ ਯੂਨੀਅਨ ਆਗੂਆਂ ਦੁਆਰਾ ਚੁੱਕੇ ਤਨਖ਼ਾਹ ਸਬੰਧੀ ਮਸਲੇ ‘ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਕੈਬਨਿਟ ਸਬ-ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਭੇਜੇ ਗਏ ਸਿਫ਼ਾਰਸ਼ ਪੱਤਰ ਤੋਂ ਇਲਾਵਾ ਸਿੱਖਿਆ ਮੰਤਰੀ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਮਾਮਲਾ ਸਬੰਧਤ ਕੇਂਦਰੀ ਮੰਤਰਾਲੇ ਕੋਲ ਚੁੱਕਿਆ ਜਾਵੇਗਾ |

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਲਿਖੇ ਪੱਤਰ ‘ਚ ਹਰ 50 ਵਿਦਿਆਰਥੀਆਂ ਲਈ ਇੱਕ ਕੁੱਕ ਦਾ ਪ੍ਰਬੰਧ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ, ਜਦੋਂ ਕਿ ਮੌਜੂਦਾ ਪ੍ਰਣਾਲੀ ਮੁਤਾਬਕ ਹਰ 1 ਤੋਂ 25 ਵਿਦਿਆਰਥੀਆਂ ਲਈ ਇੱਕ ਮਿਡ-ਡੇ-ਮੀਲ ਕੁੱਕ ਹੈ। ਵਿਦਿਆਰਥੀ 25 ਤੋਂ 100 ਵਿਦਿਆਰਥੀਆਂ ਲਈ ਦੋ ਮਿਡ-ਡੇ-ਮੀਲ ਕੁੱਕ ਅਤੇ 100 ਤੋਂ ਉੱਪਰ ਦੇ ਹਰ 100 ਵਿਦਿਆਰਥੀਆਂ ਲਈ ਇੱਕ ਰਸੋਈਏ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੁੱਕਾਂ ਦੀ ਗਿਣਤੀ ਵਧਾਉਣ ਨਾਲ ਮਿਡ-ਡੇ-ਮੀਲ ਤਿਆਰ ਕਰਨ ਦੀਆਂ ਚੁਣੌਤੀਆਂ ਨੂੰ ਵੀ ਦੂਰ ਕੀਤਾ ਜਾਵੇਗਾ।

ਇਸ ਬੈਠਕ ਦੌਰਾਨ ਹਰਪਾਲ ਚੀਮਾ ਨੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕੇ.ਕੇ. ਯਾਦਵ ਨੂੰ ਬਲਾਕ ਪੱਧਰ ‘ਤੇ ਮਿਡ-ਡੇ ਕੁੱਕ ਦੀਆਂ ਵਾਧੂ ਅਸਾਮੀਆਂ ਪੈਦਾ ਕਰਨ ‘ਤੇ ਵਿਚਾਰ ਕਰਨ ਲਈ ਵੀ ਕਿਹਾ ਗਿਆ ਤਾਂ ਜੋ ਕਰਮਚਾਰੀਆਂ ਨੂੰ ਛੁੱਟੀ ਦੀ ਲੋੜ ਪੈਣ ‘ਤੇ ਬਦਲਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਮਿਡ-ਡੇ-ਮੀਲ (Mid-Day Meal) ਸੋਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਸਿੰਘ ਬਰਾੜ ਨੂੰ ਵੀ ਹਦਾਇਤ ਕੀਤੀ ਕਿ ਉਹ ਮਿਡ-ਡੇ-ਮੀਲ ਵਰਕਰਾਂ ਨੂੰ ਜ਼ਰੂਰੀ ਕੱਪੜੇ ਜਿਵੇਂ ਕਿ ਐਪਰਨ, ਟੋਪੀਆਂ ਅਤੇ ਦਸਤਾਨੇ ਛੇਤੀ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਿਡ-ਡੇ-ਮੀਲ ਵਰਕਰਾਂ ਦੇ ਕੰਮਕਾਜ ਦੀਆਂ ਸਥਿਤੀਆਂ ਅਤੇ ਵਿੱਤੀ ਸੁਰੱਖਿਆ ਨੂੰ ਬਿਹਤਰ ਬਣਾਉਣ, ਉਨ੍ਹਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਵਿੱਚ ਵਾਧਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ।

Exit mobile version