Site icon TheUnmute.com

ਪੰਜਾਬ ਸਰਕਾਰ ਨਸ਼ਿਆਂ, ਖ਼ੁਦਕੁਸ਼ੀਆਂ ਤੇ ਪਰਵਾਸ ਨੂੰ ਠੱਲ੍ਹਣ ਲਈ ਹਰ ਚੰਗੇ ਅਦਾਰੇ ਤੋਂ ਸਲਾਹ ਲਵੇਗੀ: ਕੁਲਦੀਪ ਸਿੰਘ ਧਾਲੀਵਾਲ

ਨਸ਼ਿਆਂ

ਪਟਿਆਲਾ 09 ਅਗਸਤ 2022: ਯੂਨੀਵਰਸਿਟੀਆਂ ਅਤੇ ਸਰਕਾਰ ਦਾ ਤਾਲਮੇਲ ਨੀਤੀ ਬਣਾਉਣ ਤੱਕ ਜਾਂਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਐੱਨ.ਆਰ.ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਸਮੇਤ ਵੱਖ-ਵੱਖ ਵਿਭਾਗਾਂ ਅਤੇ ਕੇਂਦਰਾਂ ਦੇ ਮੁਖੀਆਂ ਨਾਲ ਆਪਣੇ ਮਹਿਕਮੇ ਨਾਲ ਜੁੜਦੇ ਮੁੱਦਿਆਂ ਉੱਤੇ ਕੀਤੀ ਲੰਮੀ ਵਿਚਾਰ-ਚਰਚਾ ਦੌਰਾਨ ਕੀਤਾ।

ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਆਪਣੇ ਵਿਭਾਗ ਨਾਲ ਜੁੜਦੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੇ ਨਾਲ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਵੀ ਮੌਜੂਦ ਸਨ। ਕੁਲਦੀਪ ਸਿੰਘ ਧਾਲੀਵਾਲ, ਜ਼ਿਨ੍ਹਾਂ ਕੋਲ ਖੇਤੀ ਤੇ ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੀ ਹਨ, ਨੇ ਐੱਨ.ਆਰ.ਆਈ. ਮਾਮਲਿਆਂ ਸਮੇਤ ਪਿੰਡਾਂ ਦੇ ਵਿਕਾਸ, ਚੌਗਿਰਦੇ ਅਤੇ ਹੋਰ ਮੁੱਦਿਆਂ ਉੱਤੇ ਵੀ ਚਰਚਾ ਕੀਤੀ, ਜਿਨ੍ਹਾਂ ਬਾਰੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਨ੍ਹਾਂ ਸਾਰੇ ਮੁੱਦਿਆਂ ਉੱਤੇ ਪੰਜਾਬੀ ਯੂਨੀਵਰਸਿਟੀ ਆਪਣੇ ਮਾਹਿਰਾਂ ਰਾਹੀਂ ਸਲਾਹ ਦੇ ਸਕਦੀ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਮਾਹਿਰਾਂ ਦੀਆਂ ਸਲਾਹਾਂ ਸੁਣਨ ਦੇ ਨਾਲ-ਨਾਲ ਆਪਣੇ ਤਜਰਬੇ ਅਤੇ ਪਿਛਲੇ ਸਮੇਂ ਦੌਰਾਨ ਸਾਹਮਣੇ ਆਈਆਂ ਔਕੜਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੀ ਕਾਰਜ ਪ੍ਰਣਾਲੀ ਸੁਧਾਰਨ ਅਤੇ ਪੰਜਾਬ ਵਾਸੀਆਂ ਨੂੰ ਲੋਕ ਪੱਖੀ ਸਰਕਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਇਸ ਲਈ ਜਿਸ ਵੀ ਅਦਾਰੇ ਕੋਲ਼ੋਂ ਕੋਈ ਚੰਗੀ ਸਲਾਹ ਜਾਂ ਅਕਲ ਦੀ ਗੱਲ ਸਿੱਖਣ ਨੂੰ ਮਿਲਦੀ ਹੈ, ਉਹ, ਉਸ ਅਦਾਰੇ ਜਾਂ ਵਿਅਕਤੀ ਤੱਕ ਚੱਲ ਕੇ ਜਾਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ”ਇਨ੍ਹਾਂ ਸਲਾਹਾਂ ਨਾਲ ਹੀ ਪੰਜਾਬ ਨੂੰ ਮੁੜ ਕੇ ਵਿਕਾਸ ਦੀਆਂ ਲੀਹਾਂ ਉੱਤੇ ਤੋਰਿਆ ਜਾ ਸਕਦਾ ਹੈ, ਨਸ਼ਿਆਂ ਅਤੇ ਖੁਦਕੁਸ਼ੀਆਂ ਵਰਗੇ ਮਸਲੇ ਠੱਲ੍ਹੇ ਜਾ ਸਕਦੇ ਹਨ ਅਤੇ ਨੌਜਵਾਨਾਂ ਦੇ ਪਰਵਾਸ ਨੂੰ ਵੀ ਰੋਕਿਆ ਜਾ ਸਕਦਾ ਹੈ।”

ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਮਝ ਅਨੁਸਾਰ ਉੱਦਮ ਸਿਰਫ਼ ਵੱਡੀਆਂ ਸਅਨਤਾਂ ਲਗਾਉਣਾ ਨਹੀਂ ਹੈ ਸਗੋਂ ਪਿੰਡਾਂ ਵਿੱਚ ਜੇਕਰ ਕੋਈ ਆਪਣੇ ਸਮੇਤ ਕਿਸੇ ਇੱਕ ਵੀ ਵਿਅਕਤੀ ਨੂੰ ਰੁਜ਼ਗਾਰ ਦਿੰਦਾ ਹੈ ਤਾਂ ਉਸ ਨੂੰ ਉੱਦਮੀ ਦੇ ਤੌਰ ਉੱਤੇ ਪ੍ਰਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ, ਅਜਿਹੀ ਪ੍ਰਵਾਨਗੀ ਅਤੇ ਹੁਨਰ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਕੰਮ ਕਰ ਰਹੀ ਹੈ।

ਇਸ ਦੌਰਾਨ ਡੀਨ ਅਕਾਦਮਿਕ ਮਾਮਲੇ ਡਾ. ਏ. ਕੇ. ਤਿਵਾੜੀ, ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੁਪਮਾ, ਵਿੱਤ ਅਫ਼ਸਰ ਪ੍ਰੋ. ਪ੍ਰਮੋਦ ਅੱਗਰਵਾਲ, ਡੀਨ ਅਲੂਮਨੀ ਡਾ. ਸਤਨਾਮ ਸਿੰਘ ਸੰਧੂ, ਕਰੈਸਟ (ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ) ਦੇ ਡਾਇਰੈਕਟਰ ਡਾ. ਦਵਿੰਦਰ ਸਿੰਘ ਸਿੱਧੂ ਅਤੇ ਕਰੈਸਪ (ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ) ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ, ਈ. ਐੱਮ.ਆਰ. ਸੀ. (ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ) ਦੇ ਡਾਇਰੈਕਟਰ ਦਲਜੀਤ ਅਮੀ ਅਤੇ ਡਾ. ਭੀਮਇੰਦਰ ਸਿੰਘ ਆਦਿ ਨੇ ਆਪਣੇ ਵਿਭਾਗ ਦੇ ਕੰਮ ਦੇ ਹਵਾਲੇ ਨਾਲ ਐੱਨ. ਆਰ. ਆਈ. ਮਾਮਲਿਆਂ ਬਾਰੇ ਮਹਿਕਮੇ ਦੇ ਹਵਾਲੇ ਨਾਲ ਗੱਲਬਾਤ ਕਰਕੇ ਦੋਹਾਂ ਧਿਰਾਂ ਦੇ ਆਪਸ ਵਿੱਚ ਜੁੜ ਕੇ ਕੰਮ ਕਰਨ ਬਾਰੇ ਅੰਦਾਜ਼ੇ ਪ੍ਰਗਟ ਕੀਤੇ।

Exit mobile version