ਚੰਡੀਗੜ੍ਹ, 24 ਫਰਵਰੀ 2024: ਪੰਜਾਬ ਸਰਕਾਰ (Punjab Government) ਸੂਬੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਪਹਿਲੀ ਵਾਰ ਸਰਕਾਰ ਵਪਾਰਕ ਮਿਲਣੀ ਕਰਵਾਉਣ ਜਾ ਰਹੀ ਹੈ। ਇਸ ਮਿਲਣੀ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਰਹਿਣਗੇ। ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਯਤਨ ਕੀਤੇ ਜਾਣਗੇ।
ਪੰਜਾਬ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਮਾਜ ਦੇ ਹਰ ਵਰਗ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪ੍ਰੋਗਰਾਮ ਵੱਖ-ਵੱਖ ਪੜਾਵਾਂ ਵਿੱਚ ਹੋਵੇਗਾ। ਇਸ ਵਿੱਚ ਪੰਜਾਬ ਵਪਾਰ ਸੈੱਲ ਦੀ ਟੀਮ ਵੀ ਮੌਜੂਦ ਰਹੇਗੀ।
ਪਹਿਲੇ ਪੜਾਅ ਵਿੱਚ ਸਰਕਾਰ (Punjab Government) ਵੱਲੋਂ ਦੋ ਦਿਨਾਂ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਮੁਕੇਰੀਆਂ ਤੋਂ ਸ਼ੁਰੂ ਹੋਵੇਗਾ। ਅੱਜ ਮੁਕੇਰੀਆਂ ਦੇ ਨਵਦੀਪ ਰਿਜ਼ੋਰਟ ਵਿਖੇ ਸਮਾਗਮ ਕਰਵਾਇਆ ਜਾਵੇਗਾ। ਜਦਕਿ ਐਤਵਾਰ ਨੂੰ ਪਠਾਨਕੋਟ ਵਿਖੇ ਸਮਾਗਮ ਹੋਵੇਗਾ। ਇਸ ਦੌਰਾਨ ਦੋ ਪ੍ਰੋਗਰਾਮ ਹੋਣਗੇ। ਪਹਿਲਾ ਸਮਾਗਮ ਉਤਸਵ ਰਿਜ਼ੋਰਟ ਵਿਖੇ ਅਤੇ ਦੂਜਾ ਆਨੰਦ ਪੈਲੇਸ, ਦੀਨਾਨਗਰ ਵਿਖੇ ਹੋਵੇਗਾ।
ਇਸ ਵਿੱਚ ਕਈ ਜ਼ਿਲ੍ਹਿਆਂ ਦੇ ਵਪਾਰੀ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ। ਇਸ ਸਬੰਧੀ ਸਰਕਾਰ ਵੱਲੋਂ ਸੱਦਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਮੁਕੇਰੀਆਂ ਦੇ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜਯੰਤੀ ਮੌਕੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਗੁਰੂ ਰਵਿਦਾਸ ਯਾਦਗਾਰ ਨੂੰ ਲੋਕ ਅਰਪਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਗੁਰਦੁਆਰਾ ਤਪ ਅਸਥਾਨ ਵਿਖੇ ਵੀ ਮੌਜੂਦ ਰਹਿਣਗੇ। ਉਥੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।