ਐਸ.ਏ.ਐਸ.ਨਗਰ 10 ਦਸੰਬਰ 2022: ਪੰਜਾਬ ਸਰਕਾਰ 19 ਦਸੰਬਰ, 2022 ਨੂੰ ਮੁਹਾਲੀ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ( ਐਨ.ਆਰ.ਆਈਜ਼ )ਦੀ ਇੱਕ ਖੇਤਰੀ ਮੀਟਿੰਗ ਐਮਿਟੀ ਯੂਨੀਵਰਸਿਟੀ (Amity University) ਐਸ.ਏ.ਐਸ.ਨਗਰ ਵਿਖੇ ਕਰਨ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਅਮਿਤ ਤਲਵਾੜ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਸਿੱਧੇ ਤੌਰ ‘ਤੇ ਪੰਜਾਬ ਦੇ ਪੰਜ ਸ਼ਹਿਰਾਂ ਵਿੱਚ ਖੇਤਰੀ ਮੀਟਿੰਗਾਂ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਪ੍ਰਮੁੱਖ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ, ਏ.ਡੀ.ਜੀ.ਪੀ., ਐਨ.ਆਰ.ਆਈ ਵਿੰਗ, ਡਵੀਜ਼ਨਲ ਕਮਿਸ਼ਨਰ, ਜਲੰਧਰ (ਚੇਅਰਪਰਸਨ ਐਨ.ਆਰ.ਆਈ. ਸਭਾ ਵਜੋਂ) ਅਤੇ ਸਬੰਧਤ ਜ਼ਿਲੇ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀਜ਼ ਅਤੇ ਡੀ.ਆਰ.ਓਜ਼ ਵੀ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਮੁਹਾਲੀ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਰੋਪੜ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਦੀ ਅਜਿਹੀ ਇੱਕ ਖੇਤਰੀ ਮੀਟਿੰਗ 19 ਦਸੰਬਰ, 2022 ਨੂੰ ਐਮਿਟੀ ਯੂਨੀਵਰਸਿਟੀ, ਐਸ.ਏ.ਐਸ.ਨਗਰ ਵਿਖੇ ਕੀਤੀ ਜਾਵੇਗੀ। ਅਮਿਤ ਤਲਵਾੜ ਨੇ ਮੁਹਾਲੀ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹਿਆਂ ਨਾਲ ਸਬੰਧਤ ਸਮੂਹ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਵੈੱਬਸਾਈਟ https://eservices.punjab.gov.in ਤੇ ਆਨਲਾਈਨ ਰਜਿਸਟਰ ਕਰਵਾ ਕੇ ਇਸ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ।