Site icon TheUnmute.com

ਸਿੱਖ ਗੁਰਦੁਆਰਾ ਐਕਟ-1925 ‘ਚ ਤਰਮੀਮ ਕਰੇਗੀ ਪੰਜਾਬ ਸਰਕਾਰ, ਮੁਫ਼ਤ ਪ੍ਰਸਾਰਣ ਰਾਹੀਂ ਦੁਨੀਆ ਭਰ ‘ਚ ਗੁਰਬਾਣੀ ਪਹੁੰਚਾਉਣ ਦੇ ਮਨੋਰਥ ਨਾਲ ਲਿਆ ਫੈਸਲਾ

Election Results

ਚੰਡੀਗੜ੍ਹ, 18 ਜੂਨ 2023: ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਪਾਵਨ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਵਿਚ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਤਿਹਾਸਕ ਫੈਸਲਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਐਕਟ-1925 ਵਿਚ ਸੋਧ ਕਰੇਗੀ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਬਾਰੇ ਮਤਾ 19 ਜੂਨ (ਸੋਮਵਾਰ) ਨੂੰ ਹੋਣ ਜਾ ਰਹੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਹ ਮਤਾ 20 ਜੂਨ ਨੂੰ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਦਨ ਵਿਚ ਪੇਸ਼ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਫੈਸਲਾ ਦੁਨੀਆ ਭਰ ਵਿਚ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਕ ਲਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਬੱਤ ਦੇ ਭਲੇ ਦਾ ਵਿਸ਼ਵ-ਵਿਆਪੀ ਸੰਦੇਸ਼ ਫੈਲਾਉਣ ਦੇ ਉਦੇਸ਼ ਨਾਲ ਦੁਨੀਆ ਭਰ ਵਿਚ ਸਰਬ-ਸਾਂਝੀ ਗੁਰਬਾਣੀ ਦਾ ਪਾਸਾਰ ਕਰਨਾ ਸਮੇਂ ਦੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ ਕਿਸੇ ਇਕ ਚੈਨਲ ਨੂੰ ਦੇਣ ਦੀ ਬਜਾਏ ਇਸ ਦਾ ਪ੍ਰਸਾਰਣ ਬਿਲਕੁਲ ਮੁਫ਼ਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕਦਮ ਦੇਸ਼-ਵਿਦੇਸ਼ ਵਿਚ ਸੰਗਤ ਨੂੰ ਗੁਰਬਾਣੀ ਸਰਵਣ ਕਰਨ ਵਿਚ ਬਹੁਤ ਸਹਾਈ ਹੋਵੇਗਾ।

ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੰਗਤ ਨੂੰ ਆਪਣੇ ਟੀ.ਵੀ. ਸੈੱਟ ਜਾਂ ਹੋਰ ਉਪਕਰਨਾਂ ਜ਼ਰੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਦੀ ਵੀ ਖੁੱਲ੍ਹ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਫੈਸਲਾ ਦੁਨੀਆ ਦੇ ਕੋਨੇ-ਕੋਨੇ ਵਿਚ ਪਵਿੱਤਰ ਗੁਰਬਾਣੀ ਦਾ ਸੰਦੇਸ਼ ਫੈਲਾਉਣ ਵਿਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਇਕੱਲੇ-ਇਕਹਿਰੇ ਮਾਧਿਅਮ ਰਾਹੀਂ ਗੁਰਬਾਣੀ ਦੀ ਪਹੁੰਚ ਮਹਿਦੂਦ ਕਰਨ ਦੇਣ ਦੀ ਬਜਾਏ ਸਰਬੱਤ ਦਾ ਭਲਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਸੰਗਤ ਤੱਕ ਮੁਫ਼ਤ ਵਿਚ ਪ੍ਰਸਾਰਿਤ ਹੋਣਾ ਚਾਹੀਦਾ ਹੈ।

Exit mobile version