Site icon TheUnmute.com

Finland: ਪੰਜਾਬ ਸਰਕਾਰ ਵੱਲੋਂ ਫਿਨਲੈਂਡ ‘ਚ ਸਿਖਲਾਈ ਲਈ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਸ਼ੁਰੂ

Finland

ਚੰਡੀਗੜ੍ਹ, 30 ਜਨਵਰੀ 2025: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ (University of Turku, Finland) ਵਿਖੇ ਸਿਖਲਾਈ ਲਈ ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਸ ਸੰਬੰਧੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 72 ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ (ਬੀਪੀਈਓ, ਸੀਐਚਟੀ, ਐਚਟੀ) ਦੇ ਦੂਜੇ ਬੈਚ ਨੂੰ ਫਿਨਲੈਂਡ ਯੂਨੀਵਰਸਿਟੀ ਆਫ ਤੁਰਕੂ ਵਿਖੇ ਸਿਖਲਾਈ ਲਈ ਭੇਜਿਆ ਜਾਵੇਗਾ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ 3 ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ‘ਚ ਇੱਕ ਹਫ਼ਤਾ ਪੰਜਾਬ ‘ਚ ਅਤੇ ਦੋ ਹਫ਼ਤੇ ਫਿਨਲੈਂਡ ‘ਚ ਸਿਖਲਾਈ ਦਿੱਤੀ ਜਾਵੇਗੀ। ਇੱਛੁਕ ਅਧਿਆਪਕ 2 ਫਰਵਰੀ 2025 ਨੂੰ ਸ਼ਾਮ 5 ਵਜੇ ਤੱਕ ਈ-ਪੰਜਾਬ ਸਕੂਲ ਪੋਰਟਲ epunjabschool.gov.in ‘ਤੇ ਔਨਲਾਈਨ ਅਰਜ਼ੀ ਦੇ ਸਕਦੇ ਹਨ।

ਇਸਦੇ ਨਾਲ ਹੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਿਖਲਾਈ ਲਈ ਚੁਣੇ ਉਮੀਦਵਾਰਾਂ ਦੀ ਉਮਰ 31 ਜਨਵਰੀ, 2025 ਨੂੰ 43 ਸਾਲ ਜਾਂ ਘੱਟ ਹੋਣੀ ਚਾਹੀਦੀ ਹੈ, ਜਦੋਂ ਕਿ ਐਚਟੀ, ਸੀਐਚਟੀ ਅਤੇ ਬੀਪੀਈਓ ਅਸਾਮੀਆਂ ਲਈ ਵੱਧ ਤੋਂ ਵੱਧ ਉਮਰ 48 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਬਿਨੈਕਾਰਾਂ ਕੋਲ ਇੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ, ਜੋ ਘੱਟੋ-ਘੱਟ ਸਤੰਬਰ 2025 ਤੱਕ ਵੈਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਵਿਰੁੱਧ ਕੋਈ ਵੀ ਚਾਰਜਸ਼ੀਟ, ਜਾਂਚ ਜਾਂ ਅਪਰਾਧਿਕ ਮਾਮਲਾ ਲੰਬਿਤ ਨਹੀਂ ਹੋਣਾ ਚਾਹੀਦਾ।

ਇਸ ਤੋਂ ਇਲਾਵਾ ਬਿਨੈਕਾਰਾਂ ਨੂੰ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਵਾਲੀਆਂ 20 ਰੈਕਮੈਂਡੇਸ਼ਨ ਜਾਂ ਹਵਾਲੇ ਜਮ੍ਹਾਂ ਕਰਵਾਉਣੇ ਪੈਣਗੇ, ਜਿਨ੍ਹਾਂ ‘ਚੋਂ 10 ਮੌਜੂਦਾ ਵਿਦਿਆਰਥੀਆਂ ਦੇ ਮਾਪਿਆਂ ਤੋਂ ਅਤੇ 10 ਸਾਬਕਾ ਵਿਦਿਆਰਥੀਆਂ ਦੇ ਮਾਪਿਆਂ ਤੋਂ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ) ਵੱਲੋਂ 3 ਫਰਵਰੀ ਨੂੰ ਤਸਦੀਕ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਸ਼ਰਤਾਂ ਪੂਰੀਆਂ ਕਰਨ ਵਾਲੇ ਸਾਰੇ ਉਮੀਦਵਾਰ ਦੂਜੇ ਦੌਰ ‘ਚ ਜਾਣਗੇ। ਦੂਜੇ ਦੌਰ ‘ਚ ਯੋਗ ਅਧਿਆਪਕਾਂ ਦੀ ਚੋਣ ਅਕਾਦਮਿਕ ਯੋਗਤਾ, ਤਜਰਬੇ, ACR (ਸਾਲਾਨਾ ਗੁਪਤ ਰਿਪੋਰਟ), ਇੰਟਰਵਿਊ-ਕਮ-ਪ੍ਰੈਜ਼ੈਂਟੇਸ਼ਨ ‘ਚ ਕਾਰਗੁਜ਼ਾਰੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਯੋਗਦਾਨ ਦੇ ਆਧਾਰ ‘ਤੇ ਕੀਤੀ ਜਾਵੇਗੀ।

ਯੋਗ ਅਧਿਆਪਕਾਂ ਨੂੰ ਇਸ ਸਿਖਲਾਈ ਪ੍ਰੋਗਰਾਮ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਧਿਆਪਕਾਂ ਦੀ ਕੁਸ਼ਲਤਾ ਵਧਾਉਣ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਾਇਆ ਜਾ ਸਕੇ।

Read More: ਫਿਨਲੈਂਡ ‘ਚ ਮਾਰਚ ਮਹੀਨੇ ਭੇਜਿਆ ਜਾਵੇਗਾ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ: ਹਰਜੋਤ ਸਿੰਘ ਬੈਂਸ

Exit mobile version