ਕੋਟਕਪੂਰਾ 30 ਨਵੰਬਰ 2022: ਬੇਅਦਬੀ ਮਾਮਲਿਆਂ ‘ਚ ਇੰਨਸਾਫ਼ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਵਿਖੇ ਪਿਛਲੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਇਨਸਾਫ ਮੋਰਚੇ ‘ਚ 14 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਧਰਨੇ ਦੌਰਾਨ ਡੇਢ ਮਹੀਨੇ ਦਾ ਸਮਾਂ ਦਿੰਦੇ ਹੋਏ ਕਿਸੇ ਨਾ ਕਿਸੇ ਨਤੀਜੇ ਤੇ ਪੁੱਜਣ ਦੀ ਗੱਲ ਕਹੀ ਗਈ ਸੀ | ਪਰ ਅੱਜ 30 ਨਵੰਬਰ ਨੂੰ ਇਹ ਡੇਢ ਮਹੀਨੇ ਦੇ ਸਮੇਂ ਦਾ ਆਖਰੀ ਦਿਨ ਹੈ |
ਇਸ ਆਖ਼ਰੀ ਦਿਨ ਇੰਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਬਹਿਬਲ ਗੋਲੀਕਾਂਡ ‘ਚ ਮਰਨ ਵਾਲੇ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ 24 ਘੰਟਿਆਂ ‘ਚ ਇਨਸਾਫ ਦੇਣ ਅਤੇ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੀ ਸੀ, ਪਰ ਪੰਜਾਬ ਸਰਕਾਰ ਨੇ 8 ਮਹੀਨੇ ਬਾਅਦ ਵੀ ਕੁਝ ਨਹੀ ਕੀਤਾ |
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ, ਜਿਸ ਨਾਲ ਸਿੱਖ ਸੰਗਤ ਨੂੰ ਇਨਸਾਫ਼ ਮਿਲ ਸਕੇ | ਇਸ ਦੇ ਉਲਟ ਅਜੇ ਤੱਕ ਐੱਸਆਈਟੀ ਸੁਮੇਧ ਸੈਣੀ ਦੇ ਬਿਆਨ ਵੀ ਦਰਜ਼ ਨਹੀ ਕਰ ਸਕੀ, ਜਿਸ ਨੂੰ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀਂ ਹੋਏ ਤਾਂ ਕਿਥੋਂ ਉਮੀਦ ਕੀਤੀ ਜਾ ਸਕਦੀ ਹੈ ਕੇ ਸਾਨੂੰ ਇਨਸਾਫ਼ ਮਿਲੇਗਾ।
ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ‘ਚ ਦੋਸ਼ੀ ਬਣਾਇਆ ਜਾਣਾ ਚਾਹੀਦਾ ਹੈ ਪਰ ਪਿਛਲੀਆਂ ਸਰਕਾਰਾਂ ਵਾਂਗ ‘ਆਪ’ ਸਰਕਾਰ ਵੀ ਸਿਰਫ ਲਾਰਿਆ ਜੋਗੀ ਹੈ | ਇਸ ਲਈ ਆਪਣੇ ਵਾਅਦੇ ਤੋਂ ਭੱਜਣ ਵਾਲੀ ਪੰਜਾਬ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਕੱਲ੍ਹ ਇੱਕ ਦਸੰਬਰ ਨੂੰ ਅਸੀਂ ਪ੍ਰੇਸ ਵਾਰਤਾ ਕਰ ਸਮੂਹ ਸੰਗਤ ਸਾਹਮਣੇ ਆਪਣਾ ਅਗਲਾ ਪ੍ਰੋਗਰਾਮ ਦੇਣ ਜਾ ਰਹੇ ਹਾਂ।