July 7, 2024 7:06 am
ਪੰਜਾਬ ਸਰਕਾਰ

ਪੰਜਾਬ ਸਰਕਾਰ ਵਲੋਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਸਬੰਧੀ ਗਾਇਡਲਾਇਨ ਜਾਰੀ : ਸੋਨੀ

ਚੰਡੀਗੜ੍ਹ, 27 ਅਕਤੂਬਰ : ਪੰਜਾਬ  ਸਰਕਾਰ ਵਲੋਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰਨ ਸਬੰਧੀ ਗਾਇਡ ਲਾਇਨ ਜਾਰੀ ਕਰ ਦਿੱਤੀਆਂ ਗਈਆਂ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਪ ਮੁਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ  ਰਾਜ ਸਰਕਾਰ ਵਲੋਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ  50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ।
ਉਨ੍ਹਾਂ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਕੋਵਿਡ-19 ਮ੍ਰਿਤਕਾਂ ਦੇ ਵਾਰਿਸਾਂ ਕੋਲ ਮੌਤ ਦੇ ਕਾਰਨ ਸਬੰਧੀ ਹਸਪਤਾਲ ਵਲੋਂ ਸਰਟੀਫਿਕੇਟ ਮੌਜੂਦ ਹੈ  ਉਹ ਉਸ ਜ਼ਿਲ੍ਹਾ ਦੇ   ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਅਰਜ਼ੀਆਂ  ਸਿੱਧੇ ਤੌਰ ਤੇ ਦੇਣਗੇ ਜਿਸ ਜ਼ਿਲ੍ਹੇ ਵਿੱਚ ਕੋਵਿਡ ਮਰੀਜ਼ ਦੀ ਮੌਤ ਹੋਈ ਸੀ।
ਇਸੇ ਤਰ੍ਹਾਂ ਜਿਨ੍ਹਾਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੇ ਜਿਨ੍ਹਾਂ ਵਾਰਿਸਾਂ ਕੋਲ ਹਸਪਤਾਲ ਵਲੋਂ ਜਾਰੀ ਮੌਤ ਦੇ ਕਾਰਨ ਸਬੰਧੀ ਸਰਟੀਫਿਕੇਟ ਮੌਜੂਦ ਨਹੀਂ ਹੈ ਉਹ ਪੰਜਾਬ ਸਰਕਾਰ ਵਲੋਂ  ਉਸ ਜ਼ਿਲ੍ਹੇ ਦੇ  ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਵਿਚ ਗਠਿਤ ਕੀਤੀ ਗਈ ਕਮੇਟੀ ਕੋਲ ਅਰਜ਼ੀਆਂ ਪੇਸ਼ ਕਰਨਗੇ ਜਿਸ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਸੀ ।
ਇਨ੍ਹਾਂ ਕਮੇਟੀਆਂ ਦੇ ਗਠਨ ਸਬੰਧੀ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।  ਨੋਟੀਫਿਕੇਸ਼ਨ ਅਨੁਸਾਰ ਇਸ ਕਮੇਟੀ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਚੇਅਰਪਰਸਨ, ਸਿਵਲ ਸਰਜਨ ਨੂੰ ਮੈਂਬਰ ਸੈਕਟਰੀ ਜਦਕਿ ਸਹਾਇਕ ਸਿਵਲ ਸਰਜਨ ਮੈਂਬਰ ਕਨਵੀਨਰ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਜੇਕਰ ਜ਼ਿਲ੍ਹੇ ਵਿਚ ਕੋਈ ਸਰਕਾਰੀ ਮੈਡੀਕਲ ਕਾਲਜ ਮੌਜੂਦ ਹੈ ਤਾਂ ਉਸ ਦੇ ਪ੍ਰਿੰਸੀਪਲ/ ਮੈਡੀਕਲ ਸੁਪਰਡੰਟ ਅਤੇ ਮੈਡੀਸਨ ਵਿਭਾਗ ਦੇ ਮੁਖੀ ਨੂੰ ਮੈਂਬਰ, ਜ਼ਿਲੇ ਦੇ ਐਪੀਡੀਮੋਲੋਜਿਸਟ ਕੋਵਿਡ-19 ਸੈੱਲ ਦੇ ਇੰਚਾਰਜ ਨੂੰ ਵੀ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ।
ਕਮੇਟੀ ਅਰਜ਼ੀ ਪ੍ਰਾਪਤ ਹੋਣ ਦੇ 30 ਦਿਨਾਂ ਦੇ ਵਿਚ ਵਿਚ ਮੀਟਿੰਗ ਕਰਕੇ ਅਗਲੇਰੀ ਕਾਰਵਾਈ ਕਰਨ ਦੀ ਪਾਬੰਦ ਹੋਵੇਗੀ।
ਉਨ੍ਹਾਂ  ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਮ੍ਰਿਤਕ ਦਾ ਵਾਰਿਸ ਹਸਪਤਾਲ ਵਲੋਂ ਜਾਰੀ ਸਰਟੀਫਿਕੇਟ ਨਾਲ ਸਹਿਮਤ ਨਹੀਂ ਹੈ ਉਹ ਸਰਟੀਫਿਕੇਟ ਵਿੱਚ ਦਰਜ ਕਾਰਨ ਨੂੰ ਤੱਥਾਂ ਦੇ ਆਧਾਰ ਤੇ ਦਰੁਸਤ  ਕਰਵਾਉਣ ਲਈ ਵੀ ਅਰਜ਼ੀ ਦੇ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਵਿਡ 19 ਹੋਣ ਸਬੰਧੀ ਪੁਸ਼ਟੀ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਬੀਮਾਰੀ ਕਾਰਨ ਮੌਤ ਹੁੰਦੀ ਹੈ ਤਾਂ ਉਸ ਦੇ ਵਾਰਿਸ ਵੀ ਸਹਾਇਤਾ ਰਾਸ਼ੀ ਹਾਸਲ ਕਰਨ ਦੇ ਹੱਕਦਾਰ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਹਸਪਤਾਲ ਵਿਚ ਦਾਖਲ ਕਿਸੇ ਕੋਵਿਡ ਮਰੀਜ਼ ਦੀ  ਹਸਪਤਾਲ ਵਿਚ ਦਾਖਲੇ ਦੌਰਾਨ 30 ਦਿਨਾਂ ਤੋਂ ਬਾਅਦ ਵੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਿਸ ਵੀ ਇਸ ਸਹਾਇਤਾ ਰਾਸ਼ੀ ਨੂੰ ਹਾਸਲ ਕਰਨ ਲਈ ਹੱਕਦਾਰ ਹਨ।
ਸੋਨੀ ਨੇ ਇਹ ਵੀ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਸਿਰਫ਼ ਕੋਵਿਡ 19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸ ਨੂੰ ਹੀ ਮਿਲੇਗੀ ਅਤੇ ਜੇਕਰ ਕਿਸੇ ਦੀ ਮੌਤ ਖੁਦਕੁਸ਼ੀ, ਹਾਦਸਾ, ਜ਼ਹਿਰ ਖਾਣ ਕਾਰਨ ਹੋਈ ਹੈ ਤਾਂ ਉਨ੍ਹਾਂ ਨੂੰ ਇਹ ਸਹਾਇਤਾ ਰਾਸ਼ੀ ਨਹੀਂ ਮਿਲੇਗੀ।