Site icon TheUnmute.com

ਪਿੰਡਾਂ ਲਈ ਮਿੰਨੀ ਬੱਸਾਂ ਸੇਵਾ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ‘ਚ ਪੰਜਾਬ ਸਰਕਾਰ

Mini bus service

ਚੰਡੀਗੜ੍ਹ, 25 ਅਗਸਤ 2023: ਪੰਜਾਬ ਦੇ ਪੇਂਡੂ ਖੇਤਰ ਲਈ ਮਿੰਨੀ ਬੱਸ (Mini bus service) ਸੇਵਾ ਮੁੜ ਸ਼ੁਰੂ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਅੱਜ ਇਸ ਸਬੰਧੀ ਸਕੀਮ ਦਾ ਖ਼ਾਕਾ ਤਿਆਰ ਕਰਨ ਅਤੇ ਸਰਵੇਖਣ ਕਰਨ ਦਾ ਨਿਰਦੇਸ਼ ਦਿੱਤਾ।

ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੇਂਡੂ ਖ਼ੇਤਰ ਵਿੱਚ ਮਿੰਨੀ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਤਾਂ ਕਿ ਜਿੱਥੇ ਲੋਕਾਂ ਨੂੰ ਆਵਾਜਾਈ ਲਈ ਸਹੂਲਤ ਮਿਲੇ, ਉੱਥੇ ਪੜ੍ਹੇ-ਲਿਖੇ ਨੌਜਵਾਨ ਬੱਸ ਪਰਮਿਟ ਲੈ ਕੇ ਆਪਣਾ ਰੁਜ਼ਗਾਰ ਚਲਾ ਸਕਣ। ਭਗਵੰਤ ਸਿੰਘ ਮਾਨ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਸਕੀਮ ਦਾ ਮੁਕੰਮਲ ਖ਼ਾਕਾ ਤਿਆਰ ਕਰਨ ਅਤੇ ਇਸ ਸਬੰਧੀ ਪੰਜਾਬ ਭਰ ਵਿੱਚ ਇਕ ਸਰਵੇਖਣ ਕਰਵਾਇਆ ਜਾਵੇ ਤਾਂ ਕਿ ਸੰਭਾਵੀ ਰੂਟਾਂ ਦੀ ਨਿਸ਼ਾਨਦੇਹੀ ਯਕੀਨੀ ਬਣਾਈ ਜਾ ਸਕੇ।

ਮਿੰਨੀ ਬੱਸ ਸੇਵਾ ਨੂੰ ਆਮ ਲੋਕਾਂ ਲਈ ਵਰਦਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਜਿੱਥੇ ਆਵਾਜਾਈ ਸਹੂਲਤਾਂ ਨੂੰ ਸੁਚਾਰੂ ਕਰਨ ਵਿੱਚ ਸਹਾਈ ਸਾਬਤ ਹੋਵੇਗੀ, ਉਥੇ ਇਸ ਨਾਲ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਮੌਕਾ ਮਿਲੇਗਾ ਅਤੇ ਉਹ ਪਰਮਿਟ ਲੈ ਕੇ ਬੱਸ ਸੇਵਾ ਦੀ ਸ਼ੁਰੂਆਤ ਕਰ ਸਕਣਗੇ। ਉਨ੍ਹਾਂ ਅਧਿਕਾਰੀਆਂ ਨੂੰ ਆਖਿਆ ਕਿ ਇਸ ਯੋਜਨਾ ਦਾ ਖ਼ਾਕਾ ਬਾਰੀਕੀ ਨਾਲ ਤਿਆਰ ਕੀਤਾ ਜਾਵੇ ਅਤੇ ਸਾਰੇ ਪੰਜਾਬ ਵਿੱਚ ਸਰਵੇਖਣ ਕਰਵਾਇਆ ਜਾਵੇ ਤਾਂ ਕਿ ਸੰਭਾਵੀ ਰੂਟਾਂ ਦੀ ਨਿਸ਼ਾਨਦੇਹੀ ਯਕੀਨੀ ਬਣ ਸਕੇ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਧਾਰਮਿਕ ਸਥਾਨਾਂ ਲਈ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕਰਨ ਬਾਰੇ ਵੀ ਚਰਚਾ ਕੀਤੀ ਤਾਂ ਕਿ ਇਨ੍ਹਾਂ ਸਥਾਨਾਂ ਦੀ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬਹੁ-ਗਿਣਤੀ ਸ਼ਰਧਾਲੂ ਆਉਂਦੇ ਹਨ ਅਤੇ ਆਵਾਜਾਈ ਦਾ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਰਧਾਲੂਆਂ ਦੀ ਦਿੱਕਤ ਦੂਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Exit mobile version