July 5, 2024 6:29 am
tobacco

ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਟੇਟ ਨੋ ਤੰਬਾਕੂ ਡੇਅ’ ਮੌਕੇ ਤੰਬਾਕੂ ਮੁਕਤ ਸਿਹਤ ਸੰਸਥਾਵਾਂ’ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ 01 ਨਵੰਬਰ 2022: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ (tobacco) ਦੇ ਸੇਵਨ ’ਤੇ ਠੱਲ ਪਾਉਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਸਨੇ 01 ਨਵੰਬਰ ਨੂੰ ਇੱਕ ਰਾਜ ਵਿਸ਼ੇਸ਼ “ਪੰਜਾਬ ਸਟੇਟ ਨੋ ਤੰਬਾਕੂ ਡੇਅ’’ ਮਨਾਇਆ। ਪੰਜਾਬ ਰਾਜ ਨੋ ਤੰਬਾਕੂ ਦਿਵਸ- 2022 ਮੁਹਿੰਮ ਦਾ ਥੀਮ “ਤੰਬਾਕੂ ਮੁਕਤ ਸਿਹਤ ਸੰਸਥਾਵਾਂ’’ ਹੈ। ਇਸ ਮੁਹਿੰਮ ਦਾ ਉਦੇਸ਼ ਸਾਰੀਆਂ ਸੰਸਥਾਵਾਂ ਨੂੰ ਤੰਬਾਕੂ ਮੁਕਤ ਬਣਾਉਣਾ ਅਤੇ ਤੰਬਾਕੂ ਦੀ ਵਰਤੋਂ ਨਾ ਕਰਨ ਵਾਲਿਆਂ ਨੂੰ ਤੰਬਾਕੂ ਦੇ ਧੂੰਏਂ ਦੇ ਅਣਇੱਛਤ ਸੰਪਰਕ ਤੋਂ ਬਚਾਉਣਾ ਹੈ।

ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸਪੱਸ਼ਟ ਕੀਤਾ ਕਿ ਕਿਸ਼ੋਰਾਂ ਦੇ ਸਮੂਹਾਂ ਅਤੇ ਨੌਜਵਾਨਾਂ ਵਿੱਚ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਸਮੇਤ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਨ ਅਤੇ ਤੰਬਾਕੂ-ਰੋਕੂ ਐਕਟ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਮੱਦੇਜ਼ਰ ਪੰਜਾਬ ਸਰਕਾਰ ਵੱਲੋਂ 1 ਨਵੰਬਰ ਤੋਂ 7 ਨਵੰਬਰ, 2022 ਤੱਕ ਇੱਕ ਹਫ਼ਤਾ ਲੰਮੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਗਵਾਈ ਵਿੱਚ ਕਰਵਾਏ ਗਏ ਨੈਸ਼ਨਲ ਪਰਿਵਰ ਸਿਹਤ ਸਰਵੇਖਣ 2020-21 (ਐਨਐਫਐਚਐਸ-5) ਅਨੁਸਾਰ, ਪਿਛਲੇ 5 ਸਾਲਾਂ ਦੌਰਾਨ, ਪੰਜਾਬ ਰਾਜ ਵਿੱਚ ਮਰਦਾਂ ਵਿੱਚ ਤੰਬਾਕੂ ਦੀ ਵਰਤੋਂ 19.2 ਫੀਸਦ (ਐਨਐਫਐਚਐਸ -4) ਤੋਂ ਘਟ ਕੇ 12.9 ਫੀਸਦ (ਐਨਐਫਐਚਐਸ-5) ਹੋ ਗਈ ਹੈ, ਜੋ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਸਭ ਤੋਂ ਘੱਟ ਹੈ।

ਇਸ ਉਪਰਾਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਤੰਬਾਕੂ (tobacco) ਕੰਟਰੋਲ ਨੂੰ ਇੱਕ ਪ੍ਰਮੁੱਖ ਪ੍ਰੋਗਰਾਮ ਵਜੋਂ ਲਿਆ ਗਿਆ ਹੈ। ਕੁੱਲ 14065 (2021-22) ਅਤੇ 10,708 (ਅਪ੍ਰੈਲ-22 ਸਤੰਬਰ) ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ, 2003 (ਸੀਓਟੀਪੀਏ, 2003) ਤਹਿਤ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਨ ਜਾਰੀ ਕੀਤੇ ਗਏ ਹਨ।

ਸਾਰੇ ਜਿਲਿਆਂ ਵਿੱਚ ਤੰਬਾਕੂ ਰੋਕੂ ਕੇਂਦਰ (ਟੀਸੀਸੀ) ਸਥਾਪਿਤ ਕੀਤੇ ਗਏ ਹਨ। ਇਨਾਂ ਕੇਂਦਰਾਂ ਵਿੱਚ ਮੁਫਤ ਸਲਾਹ ਸੇਵਾਵਾਂ ਅਤੇ ਟੈਬ ਬੁਪ੍ਰੋਪੀਅਨ, ਨਿਕੋਟੀਨ ਗੱਮ ਅਤੇ ਪੈਚ ਆਦਿ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਕੁੱਲ 19932 (2021-22) ਅਤੇ 5142 (ਅਪ੍ਰੈਲ-ਸਤੰਬਰ 2022) ਤੰਬਾਕੂ ਉਪਭੋਗਤਾਵਾਂ ਨੇ ਇਨਾਂ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਸੂਬੇ ਦੇ 700 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨਿਆ ਗਿਆ ਹੈ।

ਸ. ਜੌੜਾਮਾਜਰਾ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਤੰਬਾਕੂ ਮੁਕਤ ਸੂਬਾ ਬਣਾਉਣ ਦਾ ਅਹਿਦ ਲੈਣਾ ਚਾਹੀਦਾ ਹੈ ਕਿਉਂਕਿ ਤੰਬਾਕੂ ਦੀ ਵਰਤੋਂ ਕਈ ਤਰਾਂ ਦੀਆਂ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਅਤੇ ਮਾਨਸਿਕ ਸਿਹਤ ਵਿਗਾੜਾਂ ਨੂੰ ਜਨਮ ਦਿੰਦੀ ਹੈ, ਜਿਸ ਨਾਲ ਸਮਾਜ ਨੂੰ ਭਾਰੀ ਖ਼ਾਮਿਆਜ਼ਾ ਝੱਲਣਾ ਪੈਂਦਾ ਹੈ।

ਉਨਾਂ ਕਿਹਾ ਕਿ ਪੰਜਾਬ, ਸਮੇਂ ਸਿਰ ਈ ਸਿਗਰਟਾਂ, ਹੁੱਕਾ ਬਾਰਾਂ ‘ਤੇ ਪਾਬੰਦੀ ਲਗਾ ਕੇ ਅਤੇ ਸਕੂਲਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਕੇ ਨੌਜਵਾਨਾਂ ਦੀ ਸਿਹਤ ‘ਤੇ ਧਿਆਨ ਕੇਂਦਰਿਤ ਕਰਨ ਵਾਲਾ ਮੋਹਰੀ ਸੂਬਾ ਹੈ। ਸੂਬਾ ਤੰਬਾਕੂ ਦੀ ਵਰਤੋਂ ਦੇ ਇਸ ਖਤਰੇ ਨੂੰ ਰੋਕਣ ਲਈ ਯਤਨ ਜਾਰੀ ਰੱਖੇਗਾ ਕਿਉਂਕਿ ਇਹ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੇ ਸੇਵਨ ਤੋਂ ਰੋਕਣ ਅਤੇ ਇਸ ਨਾਮੁਰਾਦ ਲਾਹਣਤ ਵਿੱਚ ਫਸੇ ਵਿਅਕਤੀਆਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕਰਨ ਵਿੱਚ ਇੱਕ ਲੰਮਾ ਸਫਰ ਤੈਅ ਕਰੇਗਾ।