ਪਟਿਆਲਾ 19 ਅਕਤੂਬਰ 2022: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਦਿਵਿਆਂਗਜਨ ਵਿਅਕਤੀਆਂ ਨੂੰ ਆਰਥਿਕ ਤੌਰ ਉਤੇ ਮਜ਼ਬੂਤ ਕਰਨਾ ਅਤੇ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਸੂਬਾ ਸਰਕਾਰ ਦੀ ਤਰਜੀਹ ਹੈ ਤੇ ਇਸ ਕਾਰਜ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਉਹ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਸੀ.ਈ.ਪੀ.ਡਬਲਿਊ.ਡੀ. ਵੱਲੋਂ ਡੀ.ਐਸ.ਐਸ.ਏ., ਈ.ਐਮ.ਆਰ.ਸੀ. ਅਤੇ ਐਨ.ਐਸ.ਐਸ. ਵਿਭਾਗ ਵੱਲੋ ਕਰਵਾਏ ‘ਜਾਗਰੂਕਤਾ ਮੁਹਿੰਮ: ਦਿਵਿਆਂਗ ਜੀਆਂ ਦੇ ਹਕੂਕ’ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਬਿਹਤਰੀ ਲਈ ਵਚਨਬੱਧ ਹੈ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਦਿਵਿਆਂਗਜਨ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਵਿਭਾਗ ਵੱਲੋਂ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਦਿਵਿਆਂਗਜਨਾਂ ਨੂੰ ਸਿੱਖਿਅਤ ਕਰਕੇ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਲ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿਚ ਦਿਵਿਆਂਗਜਨਾਂ ਦੀ ਪਹੁੰਚ ਸਰਕਾਰੀ ਇਮਾਰਤਾਂ ਵਿਚ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਆਂਗਣਵਾੜੀ ਵਰਕਰਾਂ ਤੇ ਪੁਲਿਸ ਵਿਭਾਗ ਨੂੰ ਦਿਵਿਆਂਜਨਾਂ ਦੀ ਸਹਾਇਤਾ ਕਰਨ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਦਿਵਿਆਂਗਤਾ ਕਿਸੇ ਵੀ ਕੰਮ ਨੂੰ ਕਰਨ ਵਿਚ ਰੁਕਾਵਟ ਨਹੀਂ ਬਣ ਸਕਦੀ ਜਿਨ੍ਹੀ ਦੇਰ ਵਿਅਕਤੀ ਵਿਚ ਕੰਮ ਕਰਨ ਦਾ ਆਤਮ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਸਾਇੰਸ ਦੀ ਤਰੱਕੀ ਨਾਲ ਦਿਵਿਆਂਗਤਾਂ ਦੀ ਪਰਿਭਾਸ਼ਾ ਵਿਚ ਵੀ ਬਦਲਾ ਆਇਆ ਹੈ। ਉਨ੍ਹਾਂ ਡਾ. ਕਿਰਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਹੋਰਨਾ ਲਈ ਚਾਨਣ ਮੁਨਾਰਾ ਹਨ ਜੋ ਇਹ ਸੁਨੇਹਾ ਦਿੰਦੀਆਂ ਹਨ ਕਿ ਦਿਵਿਆਂਗਤ ਕਿਸੇ ਨੂੰ ਵੀ ਰੋਕ ਨਹੀਂ ਸਕਦੀ ਸਿਰਫ਼ ਮਾਹੌਲ ਤੇ ਪ੍ਰੇਰਨਾ ਦੀ ਜ਼ਰੂਰਤ ਹੁੰਦੀ ਹੈ।
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਆਉਣ ਵਾਲੇ ਸੈਸ਼ਨ ਦੌਰਾਨ ਦਿਵਿਆਂਗਜਨ ਵਿਦਿਆਰਥੀਆਂ ਲਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ ਅਤੇ ਯੂਨੀਵਰਸਿਟੀ ਨੂੰ ਦਿਵਿਆਂਗਜਨਾਂ ਦੀ ਪਹੁੰਚ ਆਸਾਨ ਕਰਨ ਲਈ ਵੀ ਕੰਮ ਕੀਤਾ ਜਾਵੇਗਾ।
ਇਸ ਮੌਕੇ ਆਪਣਾ ਮੁੱਖ ਭਾਸ਼ਣ ਦਿੰਦਿਆਂ ਮਨਿਸਟਰੀ ਆਫ਼ ਸ਼ੋਸ਼ਲ ਜਸਟਿਸ ਐਂਡ ਇਮਪਾਵਰਮੈਂਟ ਆਫ਼ ਪੀ.ਡਬਲਿਊ.ਡੀ. ਦੇ ਸਾਬਕਾ ਡਾਇਰੈਕਟਰ ਕੇ.ਵੀ.ਐਸ. ਰਾਓ ਨੇ ਕਿਹਾ ਕਿ ਰਾਈਟ ਟੂ ਡਿਸਐਬਲਿਟੀ ਐਕਟ 2016 ਸਬੰਧੀ ਹਰੇਕ ਨਾਗਰਿਕ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦਿਵਿਆਂਗਜਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨ ਤਾਂ ਬਣੇ ਹਨ ਪਰ ਜਾਗਰੂਕਤਾ ਦੀ ਘਾਟ ਕਾਰਨ ਇਨ੍ਹਾਂ ਦਾ ਲਾਭ ਲੋੜਵੰਦਾਂ ਤੱਕ ਨਹੀਂ ਪੁੱਜਦਾ। ਉਨ੍ਹਾਂ ਕਿਹਾ ਕਿ ਜੇਕਰ ਦਿਵਿਆਂਗ ਵਿਅਕਤੀਆਂ ਨੂੰ ਆਪਣਾ ਹੁਨਰ ਤੇ ਯੋਗਤਾ ਦਿਖਾਉਣ ਦਾ ਪੂਰਾ ਮੌਕਾ ਦਿੱਤਾ ਜਾਵੇ ਤਾਂ ਇਹ ਕਿਸੇ ਨਾਲੋਂ ਘੱਟ ਨਹੀਂ ਹਨ।
ਸਮਾਗਮ ਦੌਰਾਨ ਦਿਵਿਆਗਜਨਾਂ ਦੀ ਬਿਹਤਰੀ ਲਈ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਕੈਬਨਿਟ ਮੰਤਰੀ ਵੱਲੋਂ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਵਿਚ ਕਰਨਲ ਕਰਮਿੰਦਰ ਸਿੰਘ, ਸੁਖਚੈਨ ਸਿੰਘ, ਸਵੀਤਾ ਕੌਂਸਲ, ਸ਼ਸ਼ੀ ਬਾਲਾ, ਜਗਦੀਪ ਸਿੰਘ, ਜਗਵਿੰਦਰ ਸਿੰਘ, ਮੰਗਤ ਸਿੰਘ, ਰਵਿੰਦਰ ਕੌਰ ਅਤੇ ਪਰਮਵੀਰ ਸਿੰਘ ਸ਼ਾਮਲ ਸਨ।
ਇਸ ਮੌਕੇ ਡਾ. ਬਲਜੀਤ ਕੌਰ ਨੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬਣਾਏ ਸਾਮਾਨ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਸਮਾਗਮ ਦੌਰਾਨ ਸਕੂਲ ਫ਼ਾਰ ਬਲਾਇੰਡ ਸੈਫ਼ਦੀਪੁਰ ਦੇ ਬੱਚਿਆਂ ਨੇ ਨਾਟਕ ਦਾ ਮੰਚਨ ਕੀਤਾ ਗਿਆ ਜਦਕਿ ਬਾਨੀ ਸਕੂਲ ਅਰਬਨ ਅਸਟੇਟ ਦੇ ਬੱਚਿਆਂ ਵੱਲੋਂ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਕਰਕੇ ਸਰੋਤਿਆਂ ਦਾ ਮਨ ਮੋਹਿਆ।
ਇਸ ਮੌਕੇ ਡੀਨ ਅਕਾਦਮਿਕ ਪ੍ਰੋ. ਅਸ਼ੋਕ ਤਿਵਾੜੀ, ਡੀਨ ਸੋਸ਼ਲ ਸਾਈਸ ਪ੍ਰੋ. ਹਰਵਿੰਦਰ, ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ, ਡੀ.ਐਸ.ਐਸ.ਓ. ਜੋਬਨਪ੍ਰੀਤ ਕੌਰ, ਡੀ.ਸੀ.ਪੀ.ਓ. ਸਾਇਨਾ ਕਪੂਰ ਸਮੇਤ ਨਵਜੀਵਨੀ ਸਕੂਲ, ਬਾਨੀ ਸਕੂਲ, ਸਕੂਲ ਫ਼ਾਰ ਬਲਾਇੰਡ ਸੈਫ਼ਦੀਪੁਰ, ਆਸ਼ਾ ਸਕੂਲ ਦੇ ਵੱਡੀ ਗਿਣਤੀ ਬੱਚੇ ਮੌਜੂਦ ਸਨ।