Site icon TheUnmute.com

Punjab: ਪੰਜਾਬ ਸਰਕਾਰ ਨੇ ਫ਼ਸਲਾਂ ਦਾ ਝਾੜ ਵਧਾਉਣ ਲਈ 1 ਲੱਖ ਤੋਂ ਵੱਧ ਮਿੱਟੀ ਦੇ ਨਮੂਨਿਆਂ ਦੀ ਕੀਤੀ ਜਾਂਚ

Soil samples

ਚੰਡੀਗੜ੍ਹ, 5 ਨਵੰਬਰ 2024: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਇੱਕ ਲੱਖ ਤੋਂ ਵੱਧ ਮਿੱਟੀ ਦੇ ਨਮੂਨੇ (Soil samples) ਲੈ ਕੇ ਸਬੰਧਤ ਕਿਸਾਨਾਂ ਨੂੰ ਮੁਫਤ ਪਰਖ ਰਿਪੋਰਟਾਂ ਸੌਂਪੀਆਂ ਹਨ, ਤਾਂ ਜੋ ਮਿੱਟੀ ਪਰਖ ਰਾਹੀਂ ਘੱਟ ਲਾਗਤ ‘ਤੇ ਵੱਧ ਉਤਪਾਦਨ ਪ੍ਰਾਪਤ ਕੀਤਾ ਜਾ ਸਕੇ | ਇਹ ਟੈਸਟ ਟਿਕਾਊ ਖੇਤੀ ਅਭਿਆਸਾਂ ਰਾਹੀਂ ਫਸਲਾਂ ਦੇ ਉਤਪਾਦਨ ਨੂੰ ਵਧਾਉਣ ‘ਚ ਮੱਦਦ ਕਰਨਗੇ ।

ਇਸ ਸੰਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਘੱਟੋ-ਘੱਟ 2.50 ਲੱਖ ਮਿੱਟੀ ਦੇ ਨਮੂਨੇ ਟੈਸਟ ਕਰਨ ਦਾ ਟੀਚਾ ਰੱਖਿਆ ਹੈ। ਖੇਤੀਬਾੜੀ ਵਿਭਾਗ ਨੇ ਹੁਣ ਤੱਕ 1,16,117 ਨਮੂਨਿਆਂ (Soil samples) ਦੀ ਜਾਂਚ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚ 58 ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਹਨ।

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਆਪਣੀ ਮਿੱਟੀ ਦੀ ਪਰਖ ਕਰਵਾਉਣ ਦੀ ਅਪੀਲ ਕੀਤੀ ਹੈ | ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਿੱਟੀ ‘ਚ ਮੌਜੂਦ ਉਪਜਾਊ ਤੱਤਾਂ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਅਤੇ ਹੋਰ ਸੂਖਮ ਤੱਤਾਂ ਦਾ ਪਤਾ ਲਗਾਉਣ ਲਈ ਮਿੱਟੀ ਦੀ ਪਰਖ ਕਰਵਾਉਣੀ ਜ਼ਰੂਰੀ ਹੈ |

ਇਸ ਨਾਲ ਕਿਸਾਨ ਫਸਲਾਂ ਦਾ ਵੱਧ ਝਾੜ ਪ੍ਰਾਪਤ ਕਰ ਸਕਣਗੇ ਅਤੇ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਕਰਨ ਦੀ ਯੋਗ ਬਣਾ ਦਿੰਦੀ ਹੈ । ਉਨ੍ਹਾਂ ਕਿਹਾ ਕਿ ਨਿਯਮਤ ਜਾਂਚ ਦੁਆਰਾ ਮਿੱਟੀ ਦੀ ਸਿਹਤ ਦੀ ਨਿਗਰਾਨੀ ਕਰਨਾ, ਇਸ ‘ਚ ਮੌਜੂਦ ਤੱਤਾਂ ਦੀ ਪਛਾਣ ਕਰਨਾ ਅਤੇ ਇਹ ਨਿਰਧਾਰਤ ਕਰਨਾ ਕਿ ਕੀ ਮਿੱਟੀ ਦੀ ਕਿਸਮ ਤੇਜ਼ਾਬੀ ਹੈ ਜਾਂ ਖਾਰੀ ਹੈ, ਬਿਜਾਈ ਲਈ ਢੁਕਵੀਂ ਫਸਲਾਂ ਦੀ ਚੋਣ ਕਰਨ ‘ਚ ਮੱਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਵਿੱਚ ਮੌਜੂਦ ਉਪਜਾਊ ਤੱਤਾਂ ਬਾਰੇ ਜਾਣ ਕੇ ਕਿਸਾਨ ਘੱਟ ਖਾਦ ਦੀ ਵਰਤੋਂ ਕਰਕੇ ਆਪਣੇ ਖਰਚੇ ਅਤੇ ਵਾਤਾਵਰਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾ ਸਕਦੇ ਹਨ।

ਇਸਦੇ ਨਾਲ ਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੁਆਰਾ ਸੁਝਾਏ ਡੀਏਪੀ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰ ਸਕਦੇ ਹਨ, ਜੋ ਕਿ ਕਣਕ ਦੀ ਫਸਲ ਲਈ ਡੀਏਪੀ ਵਾਂਗ ਹੀ ਲਾਹੇਵੰਦ ਹਨ।

ਉਨ੍ਹਾਂ ਕਿਹਾ ਕਿ ਡੀ.ਏ.ਪੀ ਦੇ ਇੱਕ ਥੈਲੇ ਦੀ ਬਜਾਏ ਕਿਸਾਨ 75 ਕਿਲੋ ਐੱਨ.ਪੀ.ਕੇ. (12:32:16) ਪ੍ਰਤੀ ਏਕੜ, ਜਾਂ 150 ਕਿਲੋ ਸਿੰਗਲ ਸੁਪਰ ਫਾਸਫੇਟ (ਐਸ.ਐਸ.ਪੀ.) ਅਤੇ 20 ਕਿਲੋ ਯੂਰੀਆ ਪ੍ਰਤੀ ਏਕੜ, ਜਾਂ 50 ਕਿਲੋ ਟ੍ਰਿਪਲ ਸੁਪਰ ਫਾਸਫੇਟ (ਟੀ.ਐਸ.ਪੀ.) ਅਤੇ 20 ਕਿਲੋ ਯੂਰੀਆ ਪ੍ਰਤੀ ਏਕੜ, ਜਾਂ 90 ਕਿਲੋ ਐਨ.ਪੀ.ਕੇ. (10:26:26) ਪ੍ਰਤੀ ਏਕੜ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਜ਼ਮੀਨ ਦੇ ਭੌਤਿਕ ਗੁਣਾਂ ਨੂੰ ਸੁਧਾਰਨ ਲਈ ਜੈਵਿਕ ਅਤੇ ਦੇਸੀ ਖਾਦਾਂ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਹੈ |

Exit mobile version