ਚੰਡੀਗੜ੍ਹ 30 ਮਾਰਚ 2022: ਪੰਜਾਬ ਸਰਕਾਰ (Punjab Government) ਵਲੋਂ ਸੂਬੇ ਦੇ ਦਫਤਰਾਂ ‘ਚ ਸਹੀ ਢੰਗ ਨਾਲ ਕੰਮਕਾਜ ਕਰਨ ਸੰਬੰਧੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ | ਇਸਦੇ ਨਾਲ ਹੀ ਸਮੂਹ ਜ਼ਿਲ੍ਹਾ ਖਜ਼ਾਨਾ ਦਫਤਰਾਂ ਅਤੇ ਸਬ-ਖਜ਼ਾਨਾ ਦਫ਼ਤਰਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪਾਰਦਰਸ਼ੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |
ਇਨ੍ਹਾਂ ਹਦਾਇਤਾਂ ‘ਚ ਕਿਹਾ ਕਿ ਸਮੂਹ ਅਧਿਕਾਰੀ, ਕਰਮਚਾਰੀ ਸਮੇਂ ਸਿਰ ਦਫਤਰ ਆਉਣ ਅਤੇ ਦਫ਼ਤਰੀ ਸਮੇਂ ਦੌਰਾਨ ਆਪਣੀ ਸੀਟ ’ਤੇ ਹਾਜ਼ਰ ਰਹਿਣ ਤਾਂ ਜੋ ਆਮ ਜਨਤਾ, ਪੈਨਸ਼ਨਰਜ਼, ਸਰਕਾਰੀ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਦੀ ਛੁੱਟੀ ਦੌਰਾਨ ਉਸ ਦੀ ਥਾਂ ਕੋਈ ਜ਼ਰੂਰ ਹੋਵੇ। ਆਮ ਪਬਲਿਕ, ਸੀਨੀਅਰ ਸਿਟੀਜਨ, ਪੈਨਸ਼ਨਰਜ਼ ਆਦਿ ਨਾਲ ਨਰਮੀ ਭਰਿਆ ਵਤੀਰਾ ਵਰਤਿਆ ਜਾਵੇ ਅਤੇ ਉਨ੍ਹਾਂ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ ਅਤੇ ਲੋੜ ਅਨੁਸਾਰ ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਵੇ।
ਇਸ ਸੰਬੰਧੀ ਪੰਜਾਬ ਸਰਕਾਰ (Punjab Government) ਵਲੋਂ ਕਿਹਾ ਕਿ ਕਿਸੇ ਕਿਸਮ ਦੀ ਅਣਗਹਿਲੀ ਦੀ ਸੂਰਤ ‘ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਜ਼ਿਲ੍ਹਾ ਖਜ਼ਾਨਾ ਦਫਤਰਾਂ ਅਤੇ ਸਬ-ਖਜ਼ਾਨਾ ਦਫ਼ਤਰ ਵਿਖੇ ਬਿੱਲ ਪ੍ਰਾਪਤ ਉਪਰੰਤ ਤੁਰੰਤ ਚੈੱਕ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਸ ਦੇ ਸਾਰੇ ਇਤਰਾਜ਼ (ਜੇਕਰ ਹੋਣ ਤਾਂ) ਇੱਕੋ ਵਾਰ ਹੀ ਲਗਾਏ ਜਾਣ ਅਤੇ ਲਗਾਏ ਗਏ ਇਤਰਾਜ਼ ਬਕਾਇਦਾ ਨਿਯਮਾਂ ਦਾ ਹਵਾਲਾ ਦਿੰਦੇ ਹੋਏ, ਸਪੱਸ਼ਟ ਸ਼ਬਦਾਂ ‘ਚ ਦਰਸਾਏ ਜਾਣ, ਜੋ ਕਿ ਪੜ੍ਹਨ ਯੋਗ ਹੋਣ। ਇਤਰਾਜ਼ ਲਗਾਏ ਗਏ ਬਿੱਲਾਂ ਦੀਆਂ ਹਾਰਡ ਕਾਪੀ ਬਿਨਾਂ ਕਿਸੇ ਦੇਰੀ ਤੋਂ ਸਬੰਧਤ ਡੀ. ਡੀ. ਓ. ਨੂੰ ਵਾਪਸ ਭੇਜੀਆਂ ਜਾਣ।
ਬਿੱਲਾਂ ਸਬੰਧੀ ਚੈੱਕ ਲਿਸਟ,ਭਾਵ ਬਿੱਲਾਂ ਨਾਲ ਸਬੰਧਤ ਵਿੱਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਵੀ ਨੋਟਿਸ ਬੋਰਡ ’ਤੇ ਲਗਾਈਆਂ ਜਾਣ ਅਤੇ ਖਜ਼ਾਨਿਆਂ ਵਿਚ ਉਪਲੱਬਧ ਅਸ਼ਟਾਮਾਂ ਅਤੇ ਟਿਕਟਾਂ ਦੀ ਗਿਣਤੀ ਨੋਟਿਸ ਬੋਰਡ ’ਤੇ ਹਰ ਰੋਜ਼ ਜਨਤਕ ਕੀਤੀ ਜਾਵੇ ਆਦਿ ਸ਼ਾਮਲ ਹਨ।