Site icon TheUnmute.com

ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਰਾਹਤ ਕੈਂਪਾਂ ਦੀ ਗਿਣਤੀ ਵਧਾਈ, 18 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ

Punjab Government

ਚੰਡੀਗੜ੍ਹ, 13 ਜੁਲਾਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿਚ ਰਾਹਤ ਕਾਰਜਾਂ ਦੇ ਕੰਮ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ਾਂ ਤੋਂ ਬਾਅਦ ਰਾਹਤ ਕੈਂਪਾਂ ਦੀ ਗਿਣਤੀ 127 ਤੋਂ ਵਧਾ ਕੇ 183 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤਾਂ (flood affected areas)  ਤੱਕ ਖਾਣ-ਪੀਣ ਦਾ ਸਾਮਾਨ ਅਤੇ ਲੋੜੀਂਦੀਆਂ ਦਵਾਈਆਂ ਆਦਿ ਪਹੁੰਚਾਉਣ ਦਾ ਕੰਮ ਵੀ ਤੇਜ਼ ਕਰ ਦਿੱਤਾ ਗਿਆ ਹੈ।

ਇਕ ਬੁਲਾਰੇ ਨੇ ਦੱਸਿਆ ਕਿ 13 ਜੁਲਾਈ ਸਵੇਰੇ 8 ਵਜੇ ਤੱਕ 14 ਜ਼ਿਲ੍ਹਿਆਂ ਦੇ 1159 ਪਿੰਡ ਹੜ੍ਹ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਕੁਝ ਸ਼ਹਿਰ ਅਤੇ ਕਸਬੇ ਵੀ ਹੜ੍ਹਾਂ ਦੀ ਮਾਰ ਹੇਠ ਆਏ ਹਨ। ਇਨ੍ਹਾਂ ਹੜ੍ਹ ਪ੍ਰਭਾਵਿਤਾਂ ਲਈ ਕੁੱਲ 183 ਰਾਹਤ ਕੈਂਪਾਂ ਦੀ ਸਥਾਪਨਾ ਕੀਤੀ ਗਈ ਹੈ। 25 ਕੈਂਪ ਪਟਿਆਲਾ ਵਿਚ, 16 ਰੂਪਨਗਰ ਵਿਚ ਅਤੇ 7 ਕੈਂਪ ਮੋਗਾ ਵਿਚ ਚੱਲ ਰਹੇ ਹਨ। ਇਸੇ ਤਰ੍ਹਾਂ ਲੁਧਿਆਣਾ ‘ਚ 3, ਮੋਹਾਲੀ ‘ਚ 22, ਐਸਬੀਐਸ ਨਗਰ ‘ਚ 2, ਸੰਗਰੂਰ ‘ਚ 3, ਫਿਰੋਜ਼ਪੁਰ ‘ਚ 36, ਹੁਸ਼ਿਆਰਪੁਰ ‘ਚ 3, ਤਰਨ ਤਾਰਨ ‘ਚ 7, ਜਲੰਧਰ ‘ਚ 51 ਅਤੇ ਕਪੂਰਥਲਾ ‘ਚ 8 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਦੇ 18802 ਹੜ੍ਹ ਪ੍ਰਭਾਵਿਤਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ। ਪਟਿਆਲਾ ‘ਚ 13518, ਰੂਪਨਗਰ ‘ਚ 2200, ਮੋਗਾ ‘ਚ 155, ਲੁਧਿਆਣਾ ‘ਚ 300, ਮੋਹਾਲੀ ‘ਚ 1400, ਐਸਬੀਐਸ ਨਗਰ ‘ਚ 200, ਫਤਹਿਗੜ੍ਹ ਸਾਹਿਬ ‘ਚ 500, ਤਰਨ ਤਾਰਨ ‘ਚ 19 ਅਤੇ ਜਲੰਧਰ ਜ਼ਿਲ੍ਹੇ ‘ਚ 510 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ‘ਚੋਂ ਕੱਢ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ ਹੈ। ਇਸ ਵੇਲੇ ਜਿਹੜੇ 14 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਉਨ੍ਹਾਂ ‘ਚ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਦੇ ਨਾਂ ਸ਼ਾਮਲ ਹਨ।

ਪਸ਼ੂ ਪਾਲਣ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ (flood affected areas) ਵਿੱਚ ਕੁੱਲ 630 ਪਸ਼ੂਆਂ ਦਾ ਇਲਾਜ ਕੀਤਾ ਗਿਆ ਹੈ ਅਤੇ 2896 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਆਦਾਤਰ ਜ਼ਿਲ੍ਹਿਆਂ ਨੇ ਆਪਣੀ ਐਚ.ਐਸ. ਟੀਕਾਕਰਨ ਮੁਹਿੰਮ ਪੂਰੀ ਕਰ ਲਈ ਹੈ। ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਲੋੜਵੰਦ ਪਸ਼ੂਆਂ ਦਾ ਇਲਾਜ, ਫੀਡ ਸਪਲਾਈ ਅਤੇ ਚਾਰਾ ਆਦਿ ਮੁਹੱਈਆ ਕਰਵਾਉਣ ਲਈ 24 ਘੰਟੇ ਕੰਮ ਕਰ ਰਹੀਆਂ ਹਨ।
ਓਧਰ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਮੁਸ਼ਤੈਦੀ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੰਮ ਕਰ ਰਹੀਆਂ ਹਨ। ਬੁਲਾਰੇ ਅਨੁਸਾਰ 315 ਰੈਪਿਡ ਰਿਸਪਾਂਸ ਟੀਮਾਂ (ਆਰਆਰਟੀ) ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਵਿੱਚ ਜੁਟੀਆਂ ਹੋਈਆਂ ਹਨ। ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿੱਚ 186 ਮੈਡੀਕਲ ਕੈਂਪ ਲਗਾਏ ਹਨ ਅਤੇ ਹੁਣ ਤੱਕ ਕੁੱਲ ਓਪੀਡੀ 6235 ਹੈ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਖਾਣ ਪੀਣ ਦਾ ਸਾਮਾਨ ਪੁੱਜਦਾ ਕਰਨ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਕੰਮ ਹੋਰ ਤੇਜ਼ ਕਰ ਦਿੱਤਾ ਹੈ।
ਸੁੱਕੇ ਭੋਜਨ ਦੇ 40,000 ਪੈਕੇਟ ਤਿਆਰ ਕੀਤੇ ਜਾ ਰਹੇ ਹਨ ਜਦੋਂਕਿ 23,600 ਸੁੱਕੇ ਭੋਜਨ ਦੇ ਪੈਕੇਟ ਵੰਡੇ ਜਾ ਚੁੱਕੇ ਹਨ।

Exit mobile version