Site icon TheUnmute.com

ਪੰਜਾਬ ਸਰਕਾਰ ਨੇ ਪਹਿਲੀ ਵਾਰ ਪ੍ਰਾਈਵੇਟ ਮਾਲਕ ਤੋਂ ਜ਼ਮੀਨ ਖਰੀਦ ਕੇ ਗ੍ਰਾਮ ਪੰਚਾਇਤ ਨੂੰ ਸੌਂਪੀ: ਹਰਪਾਲ ਸਿੰਘ ਚੀਮਾ

PUNJAB POLICE

ਦਿੜ੍ਹਬਾ/ਸੰਗਰੂਰ, 22 ਜਨਵਰੀ, 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਜਾਉਣ ਲਈ ਅਸੀਂ ਲਗਾਤਾਰ ਮਿਹਨਤ ਕਰ ਰਹੇ ਹਾਂ ਅਤੇ ਸਾਨੂੰ ਪੂਰੀ ਉਮੀਦ ਤੇ ਭਰੋਸਾ ਹੈ ਕਿ ਜਲਦੀ ਹੀ ਪੰਜਾਬ ਦੇ ਲੋਕ ਸਰਵੋਤਮ ਸੁਵਿਧਾਵਾਂ ਦੇ ਸਮਰੱਥ ਬਣ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਦੇ ਪਿੰਡ ਕੋਠੇ ਆਲਾ ਸਿੰਘ (ਖਡਿਆਲ ਕੋਠੇ) ਵਿਖੇ ਗੰਦੇ ਪਾਣੀ ਦੀ ਨਿਕਾਸੀ ਦੀ ਚਿਰਾਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਸਥਾਈ ਨਿਪਟਾਰਾ ਕਰਨ ਲਈ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦਿਆਂ ਕੀਤਾ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਕੋਠੇ ਆਲਾ ਸਿੰਘ ਦੇ ਨਿਵਾਸੀਆਂ ਦੀ ਇਸ ਮੰਗ ਦੇ ਯੋਗ ਹੱਲ ਲਈ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ 37 ਲੱਖ ਰੁਪਏ ਦੀ ਲਾਗਤ ਨਾਲ ਕਿਸੇ ਪ੍ਰਾਈਵੇਟ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਗ੍ਰਾਮ ਪੰਚਾਇਤ ਨੂੰ ਦਿੱਤੀ ਗਈ ਹੈ ਤਾਂ ਜੋ ਪਿਛਲੇ ਕਈ ਦਹਾਕਿਆਂ ਤੋਂ ਇਸ ਸੰਕਟ ਨਾਲ ਜੂਝ ਰਹੇ ਪਿੰਡ ਵਾਸੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪਿੰਡ ਦੀ ਗ੍ਰਾਮ ਪੰਚਾਇਤ ਕੋਲ ਕੋਈ ਵੀ ਵਾਧੂ ਜ਼ਮੀਨ ਨਹੀਂ ਸੀ ਅਤੇ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਾ ਹੋਣ ਕਾਰਨ ਕਈ ਵਾਰ ਇਸ ਮੁੱਦੇ ’ਤੇ ਪਿੰਡ ਵਾਸੀਆਂ ’ਚ ਆਪਸੀ ਮਤਭੇਦ ਵੀ ਪੈਦਾ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਜਲਦੀ ਹੀ ਇਸ ਪ੍ਰੋਜੈਕਟ ਦੇ ਆਰੰਭ ਹੋਣ ਨਾਲ ਇਸੇ ਜ਼ਮੀਨ ’ਤੇ ਹੀ ਬੱਚਿਆਂ ਦੇ ਖੇਡਣ ਲਈ ਪਾਰਕ ਵੀ ਬਣਾਇਆ ਜਾਵੇਗਾ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਨਿਰੰਤਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਥੋਂ ਦੇ ਲੋਕਾਂ ਦੀ ਹਰ ਲੋੜ ਤੋਂ ਉਹ ਪੂਰੀ ਤਰ੍ਹਾਂ ਵਾਕਫ਼ ਹਨ ਅਤੇ ਹਰ ਸੁਵਿਧਾ ਨੂੰ ਪੜਾਅਵਾਰ ਢੰਗ ਨਾਲ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਪਿੰਡ ਦੇ ਹੋਰ ਵਿਕਾਸ ਕਾਰਜਾਂ ਲਈ 25 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ ਤਾਂ ਜੋ ਨਾਲੀਆਂ ਲਈ ਜ਼ਮੀਨਦੋਜ਼ ਪਾਈਪਾਂ ਵੀ ਪਵਾਈਆਂ ਜਾ ਸਕਣ।

Exit mobile version