Site icon TheUnmute.com

ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ

Health Facilities

ਪਟਿਆਲਾ ,06 ਅਪ੍ਰੈਲ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਬਾਗਬਾਨੀ, ਰੱਖਿਆ ਸੇਵਾਵਾਂ ਤੇ ਸੁਤੰਤਰਤਾ ਸੰਗਰਾਮੀ ਭਲਾਈ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ  ਸੇਵਾਵਾਂ (Health Facilities) ਪ੍ਰਦਾਨ ਕਰਨ ਲਈ ਵਚਨਬੱਧ ਹੈ। ਜੌੜਾਮਾਜਰਾ ਅੱਜ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਰੋਟਰੀ ਕਲੱਬ, ਪਟਿਆਲਾ ਦੇ ਸਹਿਯੋਗ ਨਾਲ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਨ ਨੂੰ ਪੰਜਾਬੀਆਂ ਦੀ ਸਿਹਤ (Health Facilities) ਲਈ ਇੱਕ ਵੱਡਾ ਤੋਹਫ਼ਾ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਤੰਦਰੁਸਤ, ਹੱਸਦਾ, ਖੇਡਦਾ ਤੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ, ਜਿਸ ਲਈ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ‘ਚ ਸਰਕਾਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨਾਲ-ਨਾਲ ਗ਼ੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਵੀ ਅਹਿਮ ਹੈ। ਜੌੜਾਮਾਜਰਾ ਨੇ ਪਿੰਡ ਦੇ ਵਸਨੀਕਾਂ ਨੂੰ ਵਿਆਪਕ ਵਿਸ਼ੇਸ਼ ਦੇਖਭਾਲ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਰੋਟਰੀ ਕਲੱਬ ਵੱਲੋਂ ਕਲਿਆਣ ਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਤੇ ਦਵਾਈਆਂ ਦੇਣ ਦੇ ਲਗਾਏ ਗਏ ਕੈਂਪ ਦੀ ਪ੍ਰਸੰਸਾ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ, ਕਿ ਉਨ੍ਹਾਂ ਦੀ ਯੂਨੀਵਰਸਿਟੀ ਸਮਾਜ ਸੇਵਾ ਦੇ ਉਦੇਸ਼ ਨਾਲ ਵਿੱਦਿਆ ਦੇ ਪਸਾਰ ਦਾ ਕੰਮ ਕਰ ਰਹੀ ਹੈ। ਇਸ ਦੌਰਾਨ ਈ.ਐਨ.ਟੀ. ਮਾਹਰ ਡਾ. ਬੀ.ਐਸ.ਸੋਹਲ, ਛਾਤੀ ਤੇ ਟੀ.ਬੀ. ਰੋਗਾਂ ਦੇ ਮਾਹਰ ਡਾ. ਵਿਸ਼ਾਲ ਚੋਪੜਾ, ਸਰਜਰੀ ਮਾਹਰ ਡਾ. ਏ.ਐਸ. ਗਰੋਵਰ, ਅੱਖਾਂ ਦੇ ਮਾਹਰ ਡਾ. ਜੇ.ਪੀ.ਐਸ ਸੋਢੀ, ਬੱਚਿਆਂ ਦੇ ਮਾਹਰ ਡਾ. ਕੀਰਤਪਾਲ ਕੌਰ, ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਅਨੁ ਪ੍ਰਭਾ ਤੇ ਆਡੀਓਲੋਜਿਸਟ ਡਾ. ਸਤਿਆਨੰਦ ਨੇ ਮਰੀਜਾਂ ਦਾ ਮੈਡੀਕਲ ਚੈਕਅਪ ਕੀਤਾ ਤੇ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਦੰਦਾਂ ਤੇ ਨਿੱਜੀ ਸਫਾਈ ਦੇ ਮਹੱਤਵ, ਓਰਲ ਰੀਹਾਈਡਰੇਸ਼ਨ ਥੈਰੇਪੀ ਸਮੇਤ ਬਿਮਾਰੀਆਂ ਤੋਂ ਬਚਣ ਬਾਰੇ ਜਾਗਰੂਕ ਕੀਤਾ। ਕੈਂਪ ਦਾ 400 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਤੇ ਡਾਕਟਰਾਂ ਦੀ ਟੀਮ ਨੂੰ ਵੀ.ਸੀ. ਪ੍ਰੋ. ਕਰਮਜੀਤ ਸਿੰਘ ਨੇ ਸਨਮਾਨਿਤ ਕੀਤਾ।

ਸਮਾਗਮ ਦੌਰਾਨ ਓ.ਐਸ.ਡੀ. ਗੁਰਦੇਵ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਗੁਲਜ਼ਾਰ ਸਿੰਘ ਵਿਰਕ, ਪੀ.ਏ. ਸੁਰਜੀਤ ਸਿੰਘ ਗਾਜੀਪੁਰ, ਜਤਿੰਦਰ ਝੰਡੀ, ਰਜਿਸਟਰਾਰ ਪ੍ਰੋ. ਮਨਜੀਤ ਸਿੰਘ, ਚੀਫ ਇੰਜਨੀਅਰ ਇੰਜ. ਐਚ.ਐਸ. ਤਲਵਾੜ, ਸਕੱਤਰ ਰੋਟਰੀ ਕਲੱਬ ਐਸ.ਕੇ. ਭਾਰਦਵਾਜ, ਡੀਨ ਅਕਾਦਮਿਕ ਮਾਮਲੇ ਪ੍ਰੋ: ਗੁਰਦੀਪ ਸਿੰਘ ਬੱਤਰਾ, ਅਧਿਆਪਕ ਤੇ ਕਰਮਚਾਰੀਆਂ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।

Exit mobile version