Site icon TheUnmute.com

Swachh Bharat Mission: ਪੰਜਾਬ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਸ਼ਹਿਰੀ ਤਹਿਤ 401.73 ਕਰੋੜ ਰੁਪਏ ਅਲਾਟ

Swachh Bharat Mission

ਚੰਡੀਗੜ੍ਹ, 30 ਦਸੰਬਰ 2024: Swachh Bharat Mission: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 2024 ਦੌਰਾਨ ਸੂਬੇ ਦੇ ਵਸਨੀਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਅਤੇ ਸਾਫ਼-ਸੁਥਰਾ ਵਾਤਾਵਰਨ ਯਕੀਨੀ ਬਣਾਉਣ ਲਈ ਤਰੱਕੀ ਕੀਤੀ ਹੈ।

ਇਸ ਸੰਬੰਧੀ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ‘ਚ ਕੁੱਲ ਸਥਾਪਿਤ ਸੀਵਰੇਜ ਟਰੀਟਮੈਂਟ ਸਮਰੱਥਾ 2142 ਐਮਐਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਤੱਕ ਪਹੁੰਚ ਗਈ ਹੈ | ਇਸ ‘ਚ 492.15 ਐਮਐਲਡੀ ਦੀ ਵਾਧੂ ਸਮਰੱਥਾ ਸ਼ਾਮਲ ਕਰਨ ਨਾਲ ਕੁੱਲ ਸਮਰੱਥਾ 2634.15 ਐਮ.ਐਲ.ਡੀ.ਹੋ ਗਈ ਹੈ।

ਇਸ ਵਾਧੇ ਦਾ ਮਕਸਦ ਸ਼ਹਿਰੀ ਆਬਾਦੀ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨਾ ਅਤੇ ਸਾਫ਼ ਪਾਣੀ ਨਾਲ ਸਬੰਧਤ ਪ੍ਰਣਾਲੀਆਂ ਨੂੰ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ, 607 MLD ਦੀ ਸਮਰੱਥਾ ਵਾਲੇ 52 ਸੀਵਰੇਜ ਟ੍ਰੀਟਮੈਂਟ ਪਲਾਂਟ (STP) 650 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਨਿਰਮਾਣ ਅਧੀਨ ਹਨ। ਇਹ ਪ੍ਰੋਜੈਕਟ ਅਗਲੇ 1-2 ਸਾਲਾਂ ‘ਚ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਨਾਲ ਪੰਜਾਬ ਦੀ ਸੀਵਰੇਜ ਪ੍ਰਬੰਧਨ ਸਮਰੱਥਾ ‘ਚ ਹੋਰ ਵਾਧਾ ਹੋਵੇਗਾ।

ਡਾ: ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਬੁਨਿਆਦੀ ਢਾਂਚੇ ਦੇ ਸੁਧਾਰ ਨੂੰ ਪਹਿਲ ਦੇ ਰਹੀ ਹੈ। ਸ਼ਹਿਰੀ ਸਥਾਨਕ ਸੰਸਥਾਵਾਂ (ਯੂਐਲਬੀ) ਕੋਲ ਉਪਲਬੱਧ ਫੰਡਾਂ ਅਤੇ ਚਾਲੂ ਵਿੱਤੀ ਸਾਲ ਦੌਰਾਨ ਅਲਾਟ ਕੀਤੀ ਗਈ 450 ਕਰੋੜ ਰੁਪਏ ਦੀ ਗ੍ਰਾਂਟ ਤੋਂ ਸ਼ਹਿਰੀ ਖੇਤਰਾਂ ‘ਚ ਮਹੱਤਵਪੂਰਨ ਵਿਕਾਸ ਕਾਰਜ ਕੀਤੇ ਹਨ।

ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਨੂੰ ਘਟਾਉਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਸਰਕਾਰ ਸਤਹੀ ਨਹਿਰੀ ਪਾਣੀ ਰਾਹੀਂ ਵੱਡੇ ਪੱਧਰ ‘ਤੇ ਜਲ ਸਪਲਾਈ ਪ੍ਰਾਜੈਕਟਾਂ ਨੂੰ ਲਾਗੂ ਕਰ ਰਹੀ ਹੈ। ਇਨ੍ਹਾਂ ‘ਚ ਅੰਮ੍ਰਿਤਸਰ (440 MLD), ਜਲੰਧਰ (275 MLD), ਅਤੇ ਪਟਿਆਲਾ (115 MLD) ਵਰਗੇ ਵੱਡੇ ਸ਼ਹਿਰਾਂ ਦੇ ਪ੍ਰੋਜੈਕਟ ਕਾਰਜਸ਼ੀਲ ਹਨ। ਇਸ ਤੋਂ ਇਲਾਵਾ 580 ਐਮਐਲਡੀ ਦੀ ਸਮਰੱਥਾ ਵਾਲਾ ਲੁਧਿਆਣਾ ਜਲ ਸਪਲਾਈ ਪ੍ਰਾਜੈਕਟ ਵੀ ਛੇਤੀ ਹੀ ਚਾਲੂ ਹੋ ਜਾਵੇਗਾ।

ਇਸ ਤੋਂ ਇਲਾਵਾ ਪੰਜਾਬ ਭਰ ਦੇ 87 ਕਸਬੇ ਸਤਹੀ ਜਲ ਸਪਲਾਈ ਪ੍ਰਾਜੈਕਟਾਂ ‘ਤੇ ਕੇਂਦਰਿਤ ਹਨ। ਇਸ ਪ੍ਰੋਜੈਕਟ ਦਾ ਉਦੇਸ਼ ਸ਼ਹਿਰੀ ਆਬਾਦੀ ਨੂੰ ਨਿਰੰਤਰ ਅਤੇ ਟਿਕਾਊ ਪਾਣੀ ਮੁਹੱਈਆ ਕਰਵਾਉਣਾ ਹੈ। ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ‘ਚ ਚੌਵੀ ਘੰਟੇ ਜਲ ਸਪਲਾਈ ਦੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਹ ਉਪਰਾਲੇ ਪੰਜਾਬ ਦੇ ਹੋਰ ਸ਼ਹਿਰਾਂ ‘ਚ “ਡਰਿੰਕ ਫਰਾਮ ਟੈਪ” ਪ੍ਰੋਗਰਾਮ ਦਾ ਵਿਸਤਾਰ ਕਰਨ ਦੀ ਇੱਕ ਵਿਆਪਕ ਯੋਜਨਾ ਦਾ ਹਿੱਸਾ ਹਨ।

ਸਵੱਛਤਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਪੰਜਾਬ ਨੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) (Swachh Bharat Mission) ਤਹਿਤ ਮਹੱਤਵਪੂਰਨ ਤਰੱਕੀ ਕੀਤੀ ਹੈ। ਸ਼ਹਿਰੀ ਸਥਾਨਕ ਇਕਾਈਆਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਖਰੀਦਣ, ਕੂੜਾ-ਕਰਕਟ ਪ੍ਰੋਸੈਸਿੰਗ ਸੁਵਿਧਾਵਾਂ ਸਥਾਪਤ ਕਰਨ ਅਤੇ ਪੁਰਾਣੇ ਕੂੜੇ ਦੇ ਨਿਪਟਾਰੇ ਲਈ 401.73 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਤੋਂ ਇਲਾਵਾ ਪੰਜਾਬ ‘ਚ ਸੈਨੀਟੇਸ਼ਨ ਅਤੇ ਸੀਵਰੇਜ ਦੇ ਮੁੱਦਿਆਂ ਨੂੰ ਹੱਲ ਕਰਨ ਲਈ 39.55 ਕਰੋੜ ਰੁਪਏ ਦੇ ਨਿਵੇਸ਼ ਨਾਲ 730 ਸੀਵਰ ਸਫਾਈ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ।

Read More: Punjab News: ਤਰੁਣਪ੍ਰੀਤ ਸਿੰਘ ਸੌਂਦ ਨੇ ਕਿਰਤੀਆਂ ਦੀ ਭਲਾਈ ਲਈ ਲਾਗੂ ਨੀਤੀਆਂ ਬਾਰੇ ਵੇਰਵੇ ਕੀਤੇ ਸਾਂਝ

Exit mobile version