Site icon TheUnmute.com

ਲਾਲੜੂ ਵਿਖੇ ਜਲਦ ਹੀ ਪੰਜਾਬ ਫਾਇਰ ਟਰੇਨਿੰਗ ਇੰਸਟੀਚਿਊਟ ਬਣੇਗਾ

Fire Training

ਐੱਸ.ਏ.ਐੱਸ. ਨਗਰ, 30 ਅਕਤੂਬਰ, 2023: ਲਾਲੜੂ ਵਿਖੇ ਪੰਜਾਬ ਫਾਇਰ ਟਰੇਨਿੰਗ ਇੰਸਟੀਚਿਊਟ  (Punjab Fire Training Institute) ਦੀ ਸਥਾਪਨਾ ਲਈ ਰਾਹ ਪੱਧਰਾ ਕਰਨ ਲਈ ਅੱਜ ਇੱਥੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਕੀਮਤ ਅਤੇ ਕਿਰਾਇਆ ਨਿਰਧਾਰਨ ਕਮੇਟੀ ਨੇ ‘ ਲੀਜ਼ ਮਨੀ ‘ ਨੂੰ ਮਨਜ਼ੂਰੀ ਦੇ ਦਿੱਤੀ।

ਵਿਧਾਇਕ ਰੰਧਾਵਾ ਨੇ ਜ਼ੀਰਕਪੁਰ ਵਿਖੇ ਸਬ-ਤਹਿਸੀਲ ਕੰਪਲੈਕਸ ਅਤੇ ਬਨੂੜ ਵਿਖੇ ਡਿਗਰੀ ਕਾਲਜ ਦੇ ਲੰਬਿਤ ਮਾਮਲਿਆਂ ਨੂੰ ਅੱਗੇ ਵਧਾਉਂਦੇ ਹੋਏ, ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਨ੍ਹਾਂ ਦੋਨਾਂ ਲੋਕ ਹਿੱਤਾਂ ਦੇ ਲੰਬਿਤ ਪਏ ਮੁੱਦਿਆਂ ਨੂੰ ਵੀ ਜਲਦ ਨਿਪਟਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਪੰਜਾਬ ਸਰਕਾਰ ਡੇਰਾਬੱਸੀ ਹਲਕੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਬਿਹਤਰੀ ਲਈ ਪੂਰੀ ਵਾਹ ਲਾ ਰਹੀ ਹੈ।

ਕਮੇਟੀ ਨੇ ਜ਼ੀਰਕਪੁਰ, ਬਨੂੜ, ਕੁਰਾਲੀ ਅਤੇ ਡੇਰਾਬੱਸੀ ਵਿੱਚ ਪ੍ਰਸਤਾਵਿਤ 20 ਵੇਰਕਾ ਬੂਥ ਸਾਈਟਾਂ ਲਈ ਲੀਜ਼ ਮਨੀ ਨੂੰ ਮਨਜ਼ੂਰੀ ਦੇਣ ਲਈ ਵੀ ਸਹਿਮਤੀ ਦਿੱਤੀ। ਵਿਧਾਇਕ ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਲਹਿਰ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਉਪਰਾਲਾ ਨੌਜਵਾਨਾਂ ਲਈ ਸਵੈ ਰੁਜ਼ਗਾਰ ਦੇ ਰਾਹ ਵੀ ਖੋਲ੍ਹੇਗਾ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਲਾਲੜੂ ਵਿਖੇ ਪੰਜਾਬ ਫਾਇਰ ਟਰੇਨਿੰਗ ਇੰਸਟੀਚਿਊਟ (Punjab Fire Training Institute) ਦੀ ਸਥਾਪਨਾ ਲਈ 20 ਏਕੜ ਜਗ੍ਹਾ ਤੋਂ ਲਾਲੜੂ ਦੀ ਸ਼ਹਿਰੀ ਸਥਾਨਕ ਸੰਸਥਾ ਨੂੰ 38.40 ਲੱਖ ਰੁਪਏ ਦੀ ਸਾਲਾਨਾ ਆਮਦਨ ਤੋਂ ਇਲਾਵਾ ਹਰ ਸਾਲ ਪੰਜ ਫੀਸਦੀ ਦਾ ਵਾਧਾ ਵੀ ਆਵੇਗਾ। ਲੀਜ਼ ਮਨੀ ਦਾ ਫੈਸਲਾ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਿਰਧਾਰਤ ਫਾਰਮੂਲੇ ਅਨੁਸਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿਖੇ ਸਬ-ਤਹਿਸੀਲ ਕੰਪਲੈਕਸ ਵਾਲੀ ਜਗ੍ਹਾ ਲਈ ਲੀਜ਼ ਮਨੀ ਦਾ ਫੈਸਲਾ ਕਰਨ ਸਬੰਧੀ ਕੇਸ ਨੂੰ ਅੰਤਿਮ ਰੂਪ ਦੇਣ ਲਈ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ। ਇਸੇ ਤਰ੍ਹਾਂ ਬਨੂੜ ਵਿਖੇ ਡਿਗਰੀ ਕਾਲਜ ਸਥਾਪਤ ਕਰਨ ਲਈ ਪ੍ਰਸਤਾਵਿਤ ਜਗ੍ਹਾ ਲਈ ਲੀਜ਼ ਮਨੀ ਤੈਅ ਕਰਨ ਦਾ ਮੁੱਦਾ ਵੀ ਮੀਟਿੰਗ ਵਿੱਚ ਲਿਆ ਗਿਆ ਅਤੇ ਜਲਦੀ ਹੀ ਇਸ ਬਾਰੇ ਫੈਸਲਾ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਕੀਮਤ ਅਤੇ ਕਿਰਾਇਆ ਨਿਰਧਾਰਨ ਕਮੇਟੀ, ਐਸ.ਏ.ਐਸ.ਨਗਰ ਦੁਆਰਾ ਤੈਅ ਕੀਤੀ ਗਈ ਲੀਜ਼ ਮਨੀ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਆਮਦਨ ਦਾ ਇੱਕ ਨਿਰੰਤਰ ਸਰੋਤ ਵੀ ਯਕੀਨੀ ਬਣਾਏਗੀ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਈ ਓਜ਼ ਅਤੇ ਐਮ ਸੀਜ਼ ਦੇ ਪ੍ਰਧਾਨ ਸ਼ਾਮਲ ਸਨ।

Exit mobile version