ਪੰਜਾਬ ਚੋਣਾਂ

ਪੰਜਾਬ ਚੋਣਾਂ: ਸੂਬੇ ਦੇ 2.14 ਕਰੋੜ ਵੋਟਰ ਕਰਨਗੇ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਚੰਡੀਗੜ੍ਹ 19 ਫਰਵਰੀ 2022: ਕੱਲ੍ਹ ਯਾਨੀ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਹੋਣ ਜਾ ਰਹੀਆਂ ਹਨ, ਜਿਸਦੇ ਮੱਦੇਨਜਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵਲੋਂ ਪ੍ਰੈਸ ਕਾਨਫਰੈਂਸ ਕੀਤੀ | ਉਨ੍ਹਾਂ ਨੇ ਕਿਹਾ ਕੀ ਪੰਜਾਬ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ| ਮੁੱਖ ਚੋਣ ਅਧਿਕਾਰੀ (CEO Punjab) ਪੰਜਾਬ ਦੇ ਦਫ਼ਤਰ ਪੰਜਾਬ ਵੱਲੋਂ ਚੋਣਾਂ ਲਈ ਪੁਖ਼ਤਾ ਬੰਦੋਬਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ‘ਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਦੌਰਾਨ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀ ਸਮੁੱਚੀ ਮਸ਼ੀਨਰੀ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੁੱਲ 21499804 ਵੋਟਰ ਹਨ, ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਕੁੱਲ 1304 ਉਮੀਦਵਾਰਾਂ ਵਿੱਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵਾਰ 18-19 ਸਾਲ ਉਮਰ ਵਰਗ ਦੇ 348836 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਸਾਰੇ ਜਿ਼ਲ੍ਹਾ ਪ੍ਰਸ਼ਾਸਨ ਪਹਿਲੀ ਵਾਰ ਇਨ੍ਹਾਂ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ। ਉਨ੍ਹਾਂ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ 509405 ਵੋਟਰ, 109624 ਸਰਵਿਸ ਵੋਟਰ ਅਤੇ 158341 ਦਿਵਿਆਂਗ ਵੋਟਰ ਹਨ, ਜਦਕਿ 1608 ਪਰਵਾਸੀ ਵੋਟਰ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੈਲਕਮ ਕਿੱਟਾਂ ਜਾਰੀ ਕੀਤੀਆਂ ਗਈਆਂ ਹਨ, ਜਦਕਿ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਵੋਟਰ ਸੂਚਨਾ ਗਾਈਡਾਂ ਵੀ ਵੰਡੀਆਂ ਗਈਆਂ ਹਨ।

 

ਵੋਟਿੰਗ ਦੌਰਾਨ ਪ੍ਰਬੰਧ ਅਤੇ ਮਿਲਣ ਵਾਲੀਆਂ ਸਹੂਲਤਾਂ

ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ `ਤੇ ਪੀਣ ਵਾਲਾ ਸਾਫ਼ ਪਾਣੀ, ਟੈਂਟ ਅਤੇ ਕੁਰਸੀਆਂ ਸਮੇਤ ਘੱਟੋ-ਘੱਟ ਸੁਵਿਧਾਵਾਂ, ਘੱਟੋ-ਘੱਟ ਇਕ ਵ੍ਹੀਲ ਚੇਅਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਹਰੇਕ ਪੋਲਿੰਗ ਸਟੇਸ਼ਨ `ਤੇ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਸਮੇਤ ਕੋਵਿਡ-19 ਸਮੱਗਰੀ ਹੋਵੇਗੀ, ਜਦਕਿ ਰਹਿੰਦ-ਖੂੰਹਦ ਦੇ ਸੁਚੱਜੇ ਨਿਪਟਾਰੇ ਲਈ ਕੂੜਾਦਾਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟਾਫ਼ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ।

ਕੋਵਿਡ-19 ਹਦਾਇਤਾਂ ਲਈ ਸਹੂਲਤਾਂ

ਡਾ: ਰਾਜੂ ਨੇ ਪੋਲਿੰਗ ਸਟੇਸ਼ਨਾਂ `ਤੇ ਆਉਣ ਵਾਲੇ ਵੋਟਰਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਸਮੇਤ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ 444721 ਵਿਅਕਤੀ, 138116 ਦਿਵਿਆਂਗ ਵੋਟਰ ਅਤੇ 162 ਕੋਵਿਡ-19 ਮਰੀਜ਼ਾਂ ਨੂੰ ਪੋਸਟਲ ਬੈਲਟ ਸਹੂਲਤ ਲਈ ਫਾਰਮ 12ਡੀ ਮਹੱਈਆ ਕਰਵਾਏ ਗਏ ਹਨ। ਡਾ: ਰਾਜੂ ਨੇ ਦੱਸਿਆ ਕਿ ਜੀ.ਪੀ.ਐਸ. ਨਾਲ ਲੈਸ 9966 ਵਾਹਨਾਂ ਦੀ ਵਰਤੋਂ ਚੋਣਾਂ ਸਬੰਧੀ ਡਿਊਟੀਆਂ ਲਈ ਕੀਤੀ ਜਾ ਰਹੀ ਹੈ। ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ `ਤੇ ਭੇਜਣ ਲਈ 5000 ਤੋਂ ਵੱਧ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਡਾ: ਰਾਜੂ ਨੇ ਇਹ ਵੀ ਦੱਸਿਆ ਕਿ ਆਖਰੀ 48 ਘੰਟਿਆਂ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) 18 ਫਰਵਰੀ, 2022 ਸ਼ਾਮ 6 ਵਜੇ ਤੋਂ ਲਾਗੂ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਇਸ ਸਾਈਲੈਂਸ ਪੀਰੀਅਡ ਦੌਰਾਨ ,ਜੋ ਕਿ ਸਮਾਪਤੀ ਲਾਗੂ ਹੈ, ਤੱਕ ਡਰਾਈ ਡੇ ਘੋਸਿ਼ਤ ਕੀਤਾ ਗਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੀ ਵਿਕਰੀ `ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਆਂਢੀ ਰਾਜਾਂ- ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ ਵੀ ਇਸ ਸਮੇਂ ਦੌਰਾਨ ਡਰਾਈ ਡੇਅ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਖੇਤਰਾਂ/ਹਲਕੇ ਵਿੱਚ ਸਾਈਲੈਂਸ ਪੀਰੀਅਡ ਦੌਰਾਨ ਗੈਰਕਾਨੂੰਨੀ ਇੱਕਤਰਤਾਵਾਂ `ਤੇ ਪਾਬੰਦੀ ਅਤੇ ਜਨਤਕ ਮੀਟਿੰਗਾਂ `ਤੇ ਵੀ ਰੋਕ ਹੋਵੇਗੀ।

ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਪੰਜਾਬ ਸਰਕਾਰ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 20 ਫਰਵਰੀ, 2022 ਨੂੰ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਸਕੇ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 ਬੀ ਦੇ ਉਪਬੰਧਾਂ ਅਨੁਸਾਰ, ਉਦਯੋਗਿਕ ਅਦਾਰਿਆਂ, ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਪੰਜਾਬ ਵਿੱਚ 20 ਫਰਵਰੀ, 2022 ਨੂੰ ਵੋਟਾਂ ਦੀ ਮਿਤੀ ਨੂੰ ਤਨਖਾਹ ਸਮੇਤ ਛੁੱਟੀ ਹੋਵੇਗੀ।

ਆਦਰਸ਼ ਚੋਣ ਜ਼ਾਬਤੇ ‘ਚ 8.3 ‘ਤੇ ਦਰਸਾਈਆਂ ਹਦਾਇਤਾਂ ਮੁਤਾਬਕ 48 ਘੰਟਿਆਂ ਦੌਰਾਨ ਚੋਣ ਮਾਮਲਿਆਂ ਦਾ ਪ੍ਰਸਾਰਣ

8.3.1 ਤੋਂ ਪਹਿਲਾਂ, ਰੀਪ੍ਰਜ਼ੈਨਟੇਸ਼ਨ ਆਫ ਪੀਪਲਜ਼ ਐਕਟ ਦੇ ਸੈਕਸ਼ਨ 126 ਤਹਿਤ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਸਬੰਧਤ ਖੇਤਰ ਵਿੱਚ ਪੋਲਿੰਗ ਦੀ ਸਮਾਪਤੀ ਲਈ ਨਿਰਧਾਰਤ ਕੀਤੇ ਸਮੇਂ ਦੇ ਖਤਮ ਹੋਣ ਵਾਲੇ 48 ਘੰਟਿਆਂ ਦੀ ਮਿਆਦ ਦੌਰਾਨ ਚੋਣ ਦੇ ਸਬੰਧ ਵਿੱਚ ਕਿਸੇ ਵੀ ਜਨਤਕ ਮੀਟਿੰਗ/ਜਲਸੇ ਨੂੰ ਬੁਲਾਉਣ/ਆਯੋਜਿਤ ਕਰਨ ਜਾਂ ਹਾਜ਼ਰ ਹੋਣ, ਸ਼ਾਮਲ ਹੋਣ ਜਾਂ ਸੰਬੋਧਿਤ ਕਰਨ ਦੀ ਮਨਾਹੀ ਸੀ। ਹਾਲਾਂਕਿ, ਧਾਰਾ ਵਿੱਚ ਸ਼ਾਮਲ ਮਨਾਹੀ ਦੇ ਦਾਇਰੇ, ਸੀਮਾ ਅਤੇ ਮਾਪ ਦਾ ਵਿਸਥਾਰ 1996 ਵਿੱਚ ਉਕਤ ਧਾਰਾ ਵਿੱਚ ਸੋਧ ਦੇ ਨਾਲ ਕੀਤਾ ਗਿਆ ਸੀ, ਜਿਸ ਤਹਿਤ ਉਪ-ਧਾਰਾ (1) (ਬੀ) ਦੇ ਜ਼ਰੀਏ, ਚੋਣ ਸਬੰਧੀ ਕਿਸੇ ਵੀ ਮਾਮਲੇ ਨੂੰ ਆਖਰੀ 48 ਘੰਟਿਆਂ ਦੀ ਮਿਆਦ ਦੇ ਦੌਰਾਨ ਸਿਨੇਮਾਟੋਗ੍ਰਾਫ, ਟੈਲੀਵਿਜ਼ਨ ਜਾਂ ਅਜਿਹੇ ਕਿਸੇ ਹੋਰ ਉਪਕਰਣ ਰਾਹੀਂ ਪ੍ਰਦਰਸ਼ਿਤ ਕਰਨ ‘ਤੇ ਵੀ ਮਨਾਹੀ ਕੀਤੀ ਗਈ ਹੈ।

Scroll to Top