July 7, 2024 7:33 am
ਪੰਜਾਬ ਕਾਂਗਰਸ

ਪੰਜਾਬ ਕਾਂਗਰਸ : CM ਚੰਨੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਿਆਰ ਕਰਨਗੇ

ਚੰਡੀਗੜ੍ਹ, 30 ਅਕਤੂਬਰ 2021 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲ ਪੰਜਾਬ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ ਅਤੇ ਸਿੱਧੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕਰਨਗੇ।

ਉਂਝ ਕਾਂਗਰਸ ਹਾਈਕਮਾਂਡ ਨੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਛਾੜਦਿਆਂ ਪੰਜਾਬ ਚੋਣਾਂ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ ਹੈ। ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਤੋਂ ਬਾਅਦ ਚੰਨੀ ਨੇ ਆਪੋ-ਆਪਣੇ ਹਲਕਿਆਂ ‘ਚ ਸਥਿਤੀ ਦਾ ਜਾਇਜ਼ਾ ਲੈਣ ਲਈ ਕਾਂਗਰਸੀ ਵਿਧਾਇਕਾਂ ਨਾਲ ਵਨ-ਟੂ-ਵਨ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਸੂਤਰਾਂ ਮੁਤਾਬਕ ਕਾਂਗਰਸ ਆਗੂ ਰਾਹੁਲ ਗਾਂਧੀ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਹਨ। ਜਾਣਕਾਰੀ ਮੁਤਾਬਕ ਕਾਂਗਰਸ ਹਾਈਕਮਾਂਡ ਨੇ ਵੀਰਵਾਰ ਨੂੰ ਚੰਨੀ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨਾਲ ਚੋਣਾਂ ਦੀ ਰਣਨੀਤੀ ‘ਤੇ ਗੱਲਬਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਮੁੜ ਦਿੱਲੀ ਬੁਲਾਇਆ ਗਿਆ।

ਇਸ ਮੀਟਿੰਗ ਵਿੱਚ ਪਾਰਟੀ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ। ਪਾਰਟੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਪੰਜਾਬ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਵਜੋਤ ਸਿੱਧੂ ਹੁਣ ਤੱਕ ਸੂਬਾ ਸੰਗਠਨ ਬਣਾਉਣ ਦੀ ਚਰਚਾ ਕਰਦੇ ਰਹੇ ਹਨ ਪਰ ਉਨ੍ਹਾਂ ਨੇ ਇਸ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਸਿੱਧੂ ਦੇ ਇਸ ਰਵੱਈਏ ਤੋਂ ਕਾਂਗਰਸ ਦੇ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ ਦੇ ਆਗੂ ਤੇ ਵਰਕਰ ਕਾਫੀ ਨਿਰਾਸ਼ ਹਨ।

ਉਨ੍ਹਾਂ ਕਿਹਾ ਕਿ ਚੋਣਾਂ ਸਿਰ ’ਤੇ ਹਨ ਪਰ ਫਿਰ ਵੀ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਵਾਲਾ ਕੋਈ ਨਹੀਂ ਹੈ।ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਾਈਕਮਾਂਡ ਨੇ ਹੁਣ ਚੰਨੀ ਨੂੰ ਪਾਰਟੀ ਲਈ ਰੋਡਮੈਪ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਚੋਣਾਂ ‘ਚ ਟੱਕਰ ਦੇਣ ਲਈ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਹਨ |

ਉਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੂੰ ਲੱਗ ਰਿਹਾ ਹੈ ਕਿ ਕੈਪਟਨ ਪੰਜਾਬ ‘ਚ ਉਨ੍ਹਾਂ ਦਾ ਵੱਡਾ ਨੁਕਸਾਨ ਕਰ ਸਕਦੇ ਹਨ। ਕਾਂਗਰਸੀ ਆਗੂਆਂ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੈ ਕਿ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਭਾਵੇਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਕਮਾਨ ਨਾ ਬਣਾ ਸਕੇ ਪਰ ਕਾਂਗਰਸ ਦੇ ਵੋਟਰਾਂ ਵਿੱਚ ਜ਼ਰੂਰ ਢਿੱਲ ਜ਼ਰੂਰ ਪਾ ਸਕਦੀ ਹੈ।