July 7, 2024 12:22 pm
ਪੰਜਾਬ

ਪੰਜਾਬ ਕਾਂਗਰਸ : ਗੁਰਜੀਤ ਔਜਲਾ ਨੇ ਨਵਜੋਤ ਸਿੱਧੂ ‘ਤੇ ਕੱਸੇ ਤੰਜ਼

ਚੰਡੀਗੜ੍ਹ, 23 ਫਰਵਰੀ 2022 : ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਧਾਨ ਸਭਾ ਚੋਣਾਂ ਤੋਂ 48 ਘੰਟੇ ਬਾਅਦ ਜ਼ਿਲੇ ਦੀ ਹੌਟ ਸੀਟ ਅੰਮ੍ਰਿਤਸਰ ਪੂਰਬੀ ‘ਤੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜਿੱਤ ‘ਤੇ ਸ਼ੱਕ ਪ੍ਰਗਟਾਇਆ ਹੈ। ਮੰਗਲਵਾਰ ਨੂੰ ਆਏ ਔਜਲਾ ਦੇ ਇਸ ਬਿਆਨ ਨੇ ਨਵਜੋਤ ਸਿੰਘ ਸਿੱਧੂ ਦੀ ਜਿੱਤ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।

ਗੁਰਜੀਤ ਔਜਲਾ ਨੇ ਕਿਹਾ ਕਿ ਸਿੱਧੂ ਨੂੰ ਲੈ ਕੇ ਪੂਰਬੀ ਵਰਗ ਦੇ ਲੋਕਾਂ ਵਿੱਚ ਭਾਰੀ ਨਰਾਜ਼ਗੀ ਹੈ। ਇਸ ਦਾ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ ਕਿਸੇ ਵੀ ਕੰਮ ਵੱਲ ਧਿਆਨ ਨਾ ਦੇਣਾ ਹੋ ਸਕਦਾ ਹੈ। ਇਸ ਦੌਰਾਨ ਸਿੱਧੂ ਨੇ ਆਪਣੇ ਭਾਈਚਾਰੇ ਦੇ ਲੋਕਾਂ ਤੋਂ ਦੂਰੀ ਬਣਾਈ ਰੱਖੀ। ਸਿੱਧੂ ਹੋਰ ਆਗੂਆਂ ਲਈ ਕਈ ਵਾਰ ਸਖ਼ਤ ਸ਼ਬਦਾਂ ਦੀ ਵਰਤੋਂ ਕਰ ਚੁੱਕੇ ਹਨ, ਜਿਸ ਕਾਰਨ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਨਾਰਾਜ਼ਗੀ ਵੱਧ ਗਈ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਸਿੱਧੂ ਦੇ ਬੋਲਣ ਦੇ ਤਰੀਕੇ ਨੂੰ ਵੀ ਪਸੰਦ ਨਹੀਂ ਕੀਤਾ, ਇਸ ਨਾਲ ਸਿੱਧੂ ਅਤੇ ਪਾਰਟੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਸਿੱਧੂ ਨੇ ਨਸ਼ਿਆਂ ਅਤੇ ਬੇਅਦਬੀ ਸਮੇਤ ਕਈ ਹੋਰ ਮਾਮਲਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਕਈ ਵਾਰ ਲੋਕਾਂ ਦੇ ਸਾਹਮਣੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ, ਜਿਸ ਨਾਲ ਲੋਕਾਂ ਦੇ ਦਿਲਾਂ ‘ਚ ਸਿੱਧੂ ਪ੍ਰਤੀ ਨਾਰਾਜ਼ਗੀ ਵਧ ਗਈ।

ਅਕਾਲੀ ਦਲ ਨੇ ਮਜੀਠੀਆ ਨੂੰ ਸਿੱਧੂ ਦੇ ਸਾਹਮਣੇ ਖੜ੍ਹਾ ਕੀਤਾ

ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਨਵਜੋਤ ਸਿੰਘ ਸਿੱਧੂ ਵਿਰੁੱਧ ਬਿਕਰਮ ਸਿੰਘ ਮਜੀਠੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਸੀਟ ਤੋਂ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੂੰ ਉਮੀਦਵਾਰ ਬਣਾਇਆ ਹੈ। ਜੀਵਨਜੋਤ ਕੌਰ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੀ ਹੈ। ਸਭ ਤੋਂ ਹੌਟ  ਸੀਟ ਅੰਮ੍ਰਿਤਸਰ ਪੂਰਬੀ ‘ਚ ਵੋਟਾਂ ਵਾਲੇ ਦਿਨ ਲੋਕ ਘੱਟ ਬਾਹਰ ਨਿਕਲੇ ਅਤੇ ਇੱਥੇ ਸਿਰਫ 65.05 ਫੀਸਦੀ ਵੋਟਿੰਗ ਹੋਈ।