ਚੰਡੀਗੜ੍ਹ 2 ਨਵੰਬਰ 2022: ਆਮ ਆਦਮੀ ਪਾਰਟੀ ਨੇ ਰਾਜਸਥਾਨ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ‘ਤੇ ਕੀਤੀ ਜਾ ਰਹੀ ਟੈਕਸਦਾਤਾਵਾਂ ਦੇ ਪੈਸੇ ਦੀ ਫਜ਼ੂਲ ਖਰਚੀ ਲਈ ਕਾਂਗਰਸ ਨੂੰ ਘੇਰਿਆ। ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ‘ਆਪ’ ਪੰਜਾਬ ਦੇ ਸੀਨੀਅਰ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੱਕ ਮੀਡੀਆ ਰਿਪੋਰਟ ਅਨੁਸਾਰ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਦੇਸ਼ ਭਰ ਵਿੱਚ ਮੀਡੀਆ ਇਸ਼ਤਿਹਾਰਾਂ ‘ਤੇ ਸਭ ਤੋਂ ਵੱਧ ਰਕਮ ਖਰਚ ਕੀਤੀ ਹੈ।
ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਕਿ ਕੀ ਉਹ ਆਪਣੀ ਕਾਂਗਰਸ ਪਾਰਟੀ ਨੂੰ ਇਸ ਬਾਰੇ ਸਵਾਲ ਕਰਨ ਦੀ ਹਿੰਮਤ ਰੱਖਦੇ ਹਨ ਕਿ ਰਾਜਸਥਾਨ ਸਰਕਾਰ ਨੇ ਆਪਣੇ ਫਰਜ਼ੀ ਪ੍ਰਚਾਰ ਲਈ ਹੁਣ ਤੱਕ ਲੋਕਾਂ ਦੇ ਟੈਕਸ ਦੇ ਕਿੰਨੇ ਪੈਸੇ ਦੀ ਦੁਰਵਰਤੋਂ ਕੀਤੀ ਹੈ। ਕੰਗ ਨੇ ਕਿਹਾ ਕਿ ਕੀ ਬਾਜਵਾ ਇਹ ਸਵਾਲ ਆਪਣੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਜੋ ਗਾਂਧੀ ਪਰਿਵਾਰ ਦੇ ਨੇੜੇ ਹਨ, ਉਨ੍ਹਾਂ ਤੋਂ ਪੁੱਛਣ ਦੀ ਹਿੰਮਤ ਦਿਖਾਉਣਗੇ? ਕੀ ਉਹ ਇਸ਼ਤਿਹਾਰਾਂ ‘ਤੇ ਖਰਚ ਕੀਤੇ ਟੈਕਸ ਦਾਤਿਆਂ ਦੇ ਪੈਸੇ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਜਨਤਕ ਕਰਨਗੇ?
ਕੰਗ ਨੇ ਆਪਣੇ ਟਵਿੱਟਰ ‘ਤੇ ਲਿਖਿਆ, “ਰਾਜਸਥਾਨ ਸਰਕਾਰ ਦਾ ‘ਪਬਲੀਸਿਟੀ ਬਲਿਟਜ਼ਕ੍ਰੇਗ’ ਇਸ਼ਤਿਹਾਰਬਾਜ਼ੀ ‘ਚ ‘ਪੀਆਰ ਕਿੰਗ ਮੋਦੀ’ ਨੂੰ ਸਖਤ ਮੁਕਾਬਲਾ ਦੇ ਰਿਹਾ ਹੈ। ਰਾਜਸਥਾਨ ਸਰਕਾਰ ਨੇ ਇੱਕ ਮਹੀਨੇ ਵਿੱਚ ਸਾਰੇ ਪ੍ਰਮੁੱਖ ਰਾਸ਼ਟਰੀ ਅਖਬਾਰਾਂ ਵਿੱਚ ਪੂਰੇ-ਪੂਰੇ ਪੰਨਿਆਂ ਦੇ ਇਸ਼ਤਿਹਾਰ ਦਿੱਤੇ ਹਨ। ਕੀ ਹਮੇਸ਼ਾ ਸਵਾਲ ਖੜੇ ਕਰਨ ਵਾਲੇ ਪ੍ਰਤਾਪ ਸਿੰਘ ਬਾਜਵਾ ਕੋਲ ਕਾਂਗਰਸ ਦੀ ਰਾਜਸਥਾਨ ਸਰਕਾਰ ਦੁਆਰਾ ਜਨਤਕ ਪੈਸੇ ਦੀ ਫਜ਼ੂਲ ਖਰਚੀ ‘ਤੇ ਸਵਾਲ ਕਰਨ ਦੀ ਹਿੰਮਤ ਹੈ?