July 7, 2024 10:22 am
CM ਚੰਨੀ

ਪੰਜਾਬ: CM ਚੰਨੀ ਨੇ ਅਸ਼ੋਕ ਗਹਿਲੋਤ ਨਾਲ ਕੀਤੀ ਮੁਲਾਕਾਤ , ਨਹਿਰੀ ਪਾਣੀ ਦੀ ਵੰਡ ਨੂੰ ਲੈ ਕੇ ਹੋਈ ਚਰਚਾ

ਚੰਡੀਗੜ੍ਹ, 22 ਨਵੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਪੁੱਜੇ। ਇੱਥੇ ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਨਹਿਰੀ ਪਾਣੀ ਦੀ ਵੰਡ ਬਾਰੇ ਵਿਚਾਰ ਵਟਾਂਦਰਾ ਕੀਤਾ। ਸੀਐਮ ਚੰਨੀ ਨੇ ਅਸ਼ੋਕ ਗਹਿਲੋਤ ਨੂੰ ਵੀ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ।

ਪੰਜਾਬ ਅਤੇ ਰਾਜਸਥਾਨ ਵਿਚਾਲੇ ਨਹਿਰੀ ਪਾਣੀ ਦੀ ਵੰਡ ਨੂੰ ਲੈ ਕੇ ਕਈ ਸਾਲਾਂ ਤੋਂ ਚੱਲ ਰਿਹਾ ਵਿਵਾਦ ਹੱਲ ਹੋਣ ਦੀ ਉਮੀਦ ਹੈ। ਐਤਵਾਰ ਨੂੰ ਜੈਪੁਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੈਠਕ ਦੌਰਾਨ ਨਹਿਰੀ ਪਾਣੀ ਦੀ ਵੰਡ ਨੂੰ ਲੈ ਕੇ ਚਰਚਾ ਕੀਤੀ।

ਚੰਨੀ ਨੇ ਗਹਿਲੋਤ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਗਹਿਲੋਤ ਨੇ ਸਵੀਕਾਰ ਕਰ ਲਿਆ ਹੈ। ਹੁਣ ਸੰਭਾਵਨਾ ਹੈ ਕਿ ਗਹਿਲੋਤ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ, ਜਿੱਥੇ ਪੰਜਾਬ ਅਤੇ ਰਾਜਸਥਾਨ ਵਿਚਾਲੇ ਚੱਲ ਰਹੇ ਵਿਵਾਦਾਂ ‘ਤੇ ਚਰਚਾ ਕਰਕੇ ਕੋਈ ਹੱਲ ਕੱਢਿਆ ਜਾਵੇਗਾ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚਾਲੇ ਰਾਵੀ-ਬਿਆਸ ਦਰਿਆ ਦਾ ਵਿਵਾਦ ਸਾਲਾਂ ਤੋਂ ਚੱਲ ਰਿਹਾ ਹੈ।

ਪਾਣੀ ਦੀ ਵੰਡ ਤਹਿਤ 1955 ਵਿੱਚ ਕੇਂਦਰ ਸਰਕਾਰ ਨੇ ਰਾਜਾਂ ਦੀ ਸਹਿਮਤੀ ਨਾਲ ਰਾਵੀ ਅਤੇ ਬਿਆਸ ਦਰਿਆਵਾਂ ਦਾ ਪਾਣੀ ਰਾਜਸਥਾਨ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਵੰਡਣ ਦਾ ਫੈਸਲਾ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਤਿੰਨ ਰਾਜਾਂ ਵਿੱਚ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਪੰਜਾਬ ਤੇ ਰਾਜਸਥਾਨ ਦੇ ਨਾਲ-ਨਾਲ ਹਰਿਆਣਾ ਵਿਚਾਲੇ ਵੀ ਨਹਿਰੀ ਪਾਣੀ ਦੀ ਵੰਡ ਦਾ ਮਸਲਾ ਹੱਲ ਨਹੀਂ ਹੋਇਆ।

ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦੇ ਸਾਰੇ ਗੰਭੀਰ ਮੁੱਦਿਆਂ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ। ਇਸ ਦੌਰਾਨ ਚੰਨੀ ਐਤਵਾਰ ਨੂੰ ਰਾਜਸਥਾਨ ਦੇ ਦੌਰੇ ‘ਤੇ ਗਏ ਸਨ। ਜੈਪੁਰ ‘ਚ ਉਨ੍ਹਾਂ ਗਹਿਲੋਤ ਦੇ ਨਵੇਂ ਮੰਤਰੀ ਮੰਡਲ ਦੇ ਸਮਾਗਮ ‘ਚ ਸ਼ਿਰਕਤ ਕੀਤੀ। ਅਸ਼ੋਕ ਗਹਿਲੋਤ ਨੇ ਚੰਨੀ ਨੂੰ ਮਾਲਾ ਪਾ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਪੰਜਾਬ ਦੇ ਸਿਆਸੀ ਮੁੱਦਿਆਂ ਦੇ ਨਾਲ-ਨਾਲ ਦੋਵਾਂ ਮੁੱਖ ਮੰਤਰੀਆਂ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਵੀ ਗੱਲਬਾਤ ਹੋਈ।

ਸਤੰਬਰ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਵਾਂ ਰਾਜਾਂ ਵਿਚਾਲੇ ਪਾਣੀ ਦੇ ਵਿਵਾਦ ਨੂੰ ਲੈ ਕੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕੀਤੀ ਸੀ। ਜਿਸ ਵਿੱਚ ਦੋਵਾਂ ਮੁੱਖ ਮੰਤਰੀਆਂ ਨੇ ਕਾਮਨ ਕੈਰੀਅਰ ਸਰਹਿੰਦ ਫੀਡਰ ਦੀ ਮੁਰੰਮਤ ਲਈ ਸਹਿਮਤੀ ਪ੍ਰਗਟਾਈ। ਕੈਪਟਨ ਨੇ ਫੀਡਰ ਦੇ ਖਰਾਬ ਹੋਏ 55 ਕਿਲੋਮੀਟਰ ਖੇਤਰ ਦੀ ਮੁਰੰਮਤ ਦੇ ਕੰਮ ਲਈ ਟੈਂਡਰ ਮੰਗਵਾਉਣ ਲਈ ਸਹਿਮਤੀ ਦਿੱਤੀ ਸੀ।

ਮੁਰੰਮਤ ਦਾ ਕੰਮ ਮਈ 2022 ਤੱਕ ਪੂਰਾ ਕੀਤਾ ਜਾਵੇਗਾ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਹੋਈ ਬੈਠਕ ਦੌਰਾਨ ਕਈ ਮੁੱਦਿਆਂ ‘ਤੇ ਸਹਿਮਤੀ ਬਣੀ। ਇਸ ਵਿੱਚ ਇੱਕ ਮੁੱਦਾ ਇਹ ਵੀ ਸੀ ਕਿ ਰਾਜਸਥਾਨ ਨੂੰ 25 ਸਾਲਾਂ ਤੋਂ ਸਿਰਫ਼ 200 ਤੋਂ 300 ਕਿਊਸਿਕ ਪਾਣੀ ਹੀ ਮਿਲ ਰਿਹਾ ਹੈ। ਪੰਜਾਬ ਇਸ ਵੇਲੇ ਰਾਜਸਥਾਨ ਦੇ ਹਿੱਸੇ ਦਾ 1368 ਕਿਊਸਿਕ ਪਾਣੀ ਵਰਤ ਰਿਹਾ ਹੈ। ਦੋਵਾਂ ਵਿਚਾਲੇ ਹੋਈ ਬੈਠਕ ਵਿੱਚ ਫੀਡਰ ਦੀ ਮੁਰੰਮਤ ’ਤੇ ਸਹਿਮਤੀ ਬਣਨ ਮਗਰੋਂ ਕੰਮ 2022 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।