ਜਲਾਲਾਬਾਦ 5 ਮਾਰਚ 2024: ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਬਜਟ (Punjab budget) ਨੂੰ ਸਿਹਤ ਮੰਦ ਪੰਜਾਬ ਦੀ ਸਿਰਜਣਾ ਦੀ ਦਿਸ਼ਾ ਵਿੱਚ ਵੱਡਾ ਕਦਮ ਦੱਸਿਆ ਹੈ। ਉਨਾਂ ਨੇ ਆਖਿਆ ਕਿ ਸਿਹਤ ਖੇਤਰ ਲਈ ਰੱਖਿਆ ਗਿਆ ਬਜਟ ਰੰਗਲੇ ਪੰਜਾਬ ਦੀ ਸਿਰਜਣਾ ਵੱਲ ਸੂਬਾ ਸਰਕਾਰ ਦੀ ਵਚਨਵੱਧਤਾ ਨੂੰ ਦਰਸ਼ਾਉਂਦਾ ਹੈ।
ਵਿਧਾਇਕ ਨੇ ਕਿਹਾ ਕਿ ਸੂਬੇ ਵਿੱਚ 829 ਆਮ ਆਦਮੀ ਕਲੀਨਿਕ ਸਥਾਪਿਤ ਹੋ ਗਏ ਹਨ ਜਿਨਾਂ ਵਿੱਚ 80 ਕਿਸਮ ਦੀਆਂ ਦਵਾਈਆਂ ਅਤੇ 35 ਪ੍ਰਕਾਰ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਅਤੇ ਇਹਨਾਂ ਤੋਂ ਇੱਕ ਕਰੋੜ ਤੋਂ ਜਿਆਦਾ ਲੋਕ ਲਾਭ ਲੈ ਚੁੱਕੇ ਹਨ। ਇਸ ਸਕੀਮ ਲਈ ਅਗਲੇ ਸਾਲ ਵਿੱਚ 249 ਕਰੋੜ ਰੁਪਏ ਦਾ ਬਜਟ (Punjab budget) ਰੱਖਿਆ ਗਿਆ ਹੈ। ਇਸੇ ਤਰ੍ਹਾਂ ਫਰਿਸ਼ਤੇ ਸਕੀਮ ਲਈ 20 ਕਰੋੜ ਰੁਪਏ ਅਤੇ ਅੰਸ਼ੂਮਨ ਭਾਰਤ ਸਕੀਮ ਤਹਿਤ 44 ਲੱਖ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਦੇਣ ਲਈ 553 ਕਰੋੜ ਰੁਪਏ ਰੱਖੇ ਗਏ ਹਨ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ 20 ਜ਼ਿਲਾ ਹਸਪਤਾਲਾਂ ਦੇ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ 150 ਕਰੋੜ ਰੁਪਏ ਰੱਖੇ ਗਏ ਹਨ। ਉਨਾਂ ਨੇ ਸਮਾਜ ਭਲਾਈ ਖੇਤਰ ਲਈ ਵੀ 9388 ਕਰੋੜ ਰੁਪਏ ਰੱਖਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਉਨਾਂ ਨੇ ਖਾਸ ਕਰਕੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਅਨੁਸੂਚਿਤ ਜਾਤੀ ਉਪ ਯੋਜਨਾ ਲਈ 13844 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜੋ ਕਿ ਕੁੱਲ ਵਿਕਾਸ ਬਜਟ ਦਾ 35 ਫੀਸਦੀ ਬਣਦਾ ਹੈ । ਵਿਧਾਇਕ ਨੇ ਇਹਨਾਂ ਉਪਰਾਲਿਆਂ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ।