Site icon TheUnmute.com

Punjab News: ਦਿੱਲੀ ਦੇ ਪੰਜਾਬ ਭਵਨ ਵਿਖੇ ਪੰਜਾਬੀ ਸਾਹਿਤਕਾਰਾਂ ਦੀਆਂ ਲਗਾਈਆਂ ਤਸਵੀਰਾਂ

Punjab Bhawan

ਨਵੀਂ ਦਿੱਲੀ, 14 ਨਵੰਬਰ 2024: ਭਾਸ਼ਾ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਫੈਸਲਾ ਕੀਤਾ ਗਿਆ ਸੀ ਕਿ ਦਿੱਲੀ ਸਥਿਤ ਪੰਜਾਬ ਭਵਨ (Punjab Bhawan) ‘ਚ ਪੰਜਾਬੀ ਸਾਹਿਤ, ਭਾਸ਼ਾ ਅਤੇ ਚਿੰਤਨ ਦੇ ਉੱਘੇ ਸਿਤਾਰਿਆਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਇਸ ਤਹਿਤ ਅੱਜ ਪੰਜਾਬ ਭਵਨ ਦੇ ਏ-ਬਲਾਕ ਦੇ ਵਰਾਂਡੇ ਅਤੇ ਗੈਲਰੀਆਂ ‘ਚ 10 ਤਸਵੀਰਾਂ ਲਗਾਈਆਂ ਹਨ।

ਪ੍ਰਵੇਸ਼ ਮੰਜ਼ਿਲ ‘ਤੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਅਤੇ ਪ੍ਰਸਿੱਧ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀਆਂ ਤਸਵੀਰਾਂ ਲਗਾਈਆਂ ਹਨ | ਪਹਿਲੀ ਮੰਜ਼ਿਲ ‘ਤੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਨੇੜੇ ਤਿੰਨ ਤਿੰਨ ਉੱਘੇ ਕਾਵਿ-ਸਿਤਾਰਿਆਂ, ਜਿਨ੍ਹਾਂ ‘ਚ ਸ਼ਿਵ ਕੁਮਾਰ ਬਟਾਲਵੀ, ਪਾਸ਼ ਅਤੇ ਸੁਰਜੀਤ ਪਾਤਰ ਦੀਆਂ ਤਸਵੀਰਾਂ ਲਗਾਈਆਂ ਹਨ।

ਇਸੇ ਤਰ੍ਹਾਂ ਦੂਜੀ ਮੰਜ਼ਿਲ ‘ਤੇ ਪੰਜਾਬੀ ਨਾਟਕ ਦੇ ਪਿਤਾਮਾ ਈਸ਼ਵਰ ਚੰਦ ਨੰਦਾ ਅਤੇ ਪੰਜਾਬੀ ਕਲਾ ਦੇ ਸ਼ਾਹਜਹਾਂ ਡਾ: ਮਹਿੰਦਰ ਸਿੰਘ ਰੰਧਾਵਾ ਦੀਆਂ ਤਸਵੀਰਾਂ ਲਗਾਈਆਂ ਹਨ | ਤੀਜੀ ਮੰਜ਼ਿਲ ’ਤੇ ਪ੍ਰਗਤੀਵਾਦੀ ਸ਼ਾਇਰ ਬਾਵਾ ਬਲਵੰਤ, ਲਾਲ ਸਿੰਘ ਦਿਲ ਦੇ ਨਾਲ-ਨਾਲ ਪੰਜਾਬੀ ਬੋਲੀ ਦੇ ਸਿਰਮੌਰ ਸ਼ਾਇਰ ਫਿਰੋਜ਼ਦੀਨ ਸ਼ਰਫ਼ ਸਾਹਿਬ ਦੀਆਂ ਤਸਵੀਰਾਂ ਵੀ ਲਗਾਈਆਂ ਹਨ।

ਇਸ ਦੌਰਾਨ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਭਵਨ (Punjab Bhawan) ਦੇ ਦੋਵੇਂ ਬਲਾਕਾਂ ਦੀਆਂ ਸਾਰੀਆਂ ਮੰਜ਼ਿਲਾਂ ’ਤੇ 100 ਦੇ ਕਰੀਬ ਮਰਹੂਮ ਪੰਜਾਬੀ ਕਵੀਆਂ, ਲੇਖਕਾਂ, ਚਿੰਤਕਾਂ ਅਤੇ ਭਾਸ਼ਾ ਸੇਵਕਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਭਵਨ ਦੇ ਪ੍ਰਵੇਸ਼ ਦੁਆਰ ’ਤੇ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਨੇ ਸਥਾਨਕ ਦਫ਼ਤਰ ਦੇ ਪੁਸਤਕ ਵਿਕਰੀ ਕੇਂਦਰ ‘ਚ ਪਾਠਕਾਂ ਦੀ ਦਿਲਚਸਪੀ ‘ਚ ਵਾਧਾ ਕੀਤਾ ਹੈ ਅਤੇ ਪੁਸਤਕਾਂ ਦੀ ਵਿਕਰੀ ‘ਚ ਵੀ ਵਾਧਾ ਹੋਇਆ ਹੈ।

ਇਸ ਮੌਕੇ ਰੈਜ਼ੀਡੈਂਟ ਕਮਿਸ਼ਨਰ ਸ੍ਰੀਮਤੀ ਸ਼ਰੂਤੀ ਸਿੰਘ ਨੇ ਦੱਸਿਆ ਕਿ ਪੰਜਾਬ ਭਵਨ ਦੇ ਕਮਰਿਆਂ ਅੰਦਰ ਪੰਜਾਬ ਦੀ ਰੂਹ ਨੂੰ ਦਰਸਾਉਂਦੀਆਂ ਕਲਾਕ੍ਰਿਤੀਆਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਜਿਸ ਤਰ੍ਹਾਂ ਭਾਸ਼ਾ ਵਿਭਾਗ ਨੇ ਇਨ੍ਹਾਂ ਤਸਵੀਰਾਂ ਨੂੰ ਲਗਾਉਣ ‘ਚ ਉਨ੍ਹਾਂ ਦਾ ਸਹਿਯੋਗ ਕੀਤਾ ਹੈ, ਉਸੇ ਤਰ੍ਹਾਂ ਉਹ ਪੰਜਾਬ ਕਲਾ ਪ੍ਰੀਸ਼ਦ ਦੀਆਂ ਸੇਵਾਵਾਂ ਵੀ ਲੈਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਭਵਨ ‘ਚ ਸਥਿਤ ਪੰਜਾਬੀ ਸਾਹਿਤ ਕੇਂਦਰ ਦੀ ਸਾਂਭ-ਸੰਭਾਲ ਅਤੇ ਅਪਗ੍ਰੇਡੇਸ਼ਨ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਰੈਜ਼ੀਡੈਂਟ ਕਮਿਸ਼ਨਰ ਸ੍ਰੀਮਤੀ ਆਸਿਤਾ ਸ਼ਰਮਾ, ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਅਲੋਕ ਚਾਵਲਾ ਅਤੇ ਸਥਾਨਕ ਦਫ਼ਤਰ ਇੰਚਾਰਜ ਕਰੁਣਾ ਵੀ ਹਾਜ਼ਰ ਸਨ।

 

Exit mobile version