July 5, 2024 12:06 am
Punjab Government

ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਐਲਾਨ ਕੀਤਾ CM ਚਿਹਰਾ

ਚੰਡੀਗੜ੍ਹ, 6 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ | 20 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ | ਜਿਸ ਦੇ ਚਲਦਿਆਂ ਪੰਜਾਬ ਕਾਂਗਰਸ ਵਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਹੀ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਹੋਣਗੇ | ਰਾਹੁਲ ਗਾਂਧੀ ਵੱਲੋਂ ਹੋਟਲ ਹਿਆਤ ‘ਚ ਲੰਮਾ ਸਮਾਂ ਬੈਠਕ ਕਰਨ ਤੋਂ ਬਾਅਦ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਗਿਆ ਹੈ | ਇਸ ਬੈਠਕ ‘ਚ ਚੰਨੀ, ਜਾਖੜ, ਨਵਜੋਤ ਸਿੰਘ ਸਿੱਧੂ  ਅਤੇ ਰਾਹੁਲ ਗਾਂਧੀ ਮੌਜੂਦ ਰਹੇ |

ਜੇ ‘ਆਪ’ ਜਾਂ ਅਕਾਲੀ ਜਿੱਤ ਗਏ, ਤਾਂ ਸ਼ਹੀਦ ਕਿਸਾਨਾਂ ਨਾਲ ਬੇਇਨਸਾਫ਼ੀ ਹੋਵੇਗੀ : ਸੁਨੀਲ ਜਾਖੜ

ਰੈਲੀ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ, ਭਾਜਪਾ,’ਆਪ’ ਸਮੇਤ ਸਾਰੇ ਰਾਜਸੀ ਦਲ ਪੰਜਾਬ ਦਾ ਭਲਾ ਕਰਨ ਦੀ ਬਜਾਏ ਆਪਣੇ ਹਿਤਾਂ ਦੀ ਰਾਖੀ ਕਰਨ ਤੇ ਸੱਤਾ ਪ੍ਰਾਪਤ ਕਰਨ ਲਈ ਹੀ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਕਰਕੇ ‘ਆਪ’ ਜਾਂ ਅਕਾਲੀ ਦਲ ਜਿੱਤ ਗਿਆ, ਤਾਂ ਸ਼ਹੀਦ ਹੋਏ 700 ਕਿਸਾਨਾਂ ਦੀ ਰੂਹ ਕੰਬ ਉਠੇਗੀ ਅਤੇ ਇਹ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ |

ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣਾ ਹੀ ਮੇਰਾ ਮਕਸਦ : ਨਵਜੋਤ ਸਿੰਘ ਸਿੱਧੂ

ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਹੀ ਯਤਨਸ਼ੀਲ ਹਨ। ਉਨ੍ਹਾਂ ਨੂੰ ਅਹੁਦਿਆਂ ਤੇ ਸੱਤਾ ਦਾ ਲਾਲਚ ਨਹੀਂ ਹੈ, ਅਤੇ ਨਾਲ ਹੀ ਉਨ੍ਹਾਂ ਵਿਰੋਧੀਆਂ ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜੀਜਾ-ਸਾਲੇ, ਕੈਪਟਨ, ਭਾਜਪਾ ਤੇ ‘ਆਪ’ ਨੂੰ ਲੋਕ ਮੂੰਹ ਨਹੀਂ ਲਗਾਉਣਗੇ।

ਮੈਂ ਆਪਣੇ ਤੇ ਆਪਣੀ ਪਤਨੀ ਦੇ ਨਾਂਅ ‘ਤੇ ਕੋਈ ਵੀ ਜਾਇਦਾਦ ਨਹੀਂ ਖ਼ਰੀਦਾਂਗਾ : ਚੰਨੀ

ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਭਾਰਤ ਰਤਨ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਕੰਮ ਕਰਨ ਕਰਕੇ ਕੇਂਦਰੀ ਜਾਂਚ ਏਜੰਸੀਆਂ ਤੇ ਵਿਰੋਧੀ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹਨ ਅਤੇ ਅੱਜ ਤੋਂ ਬਾਅਦ ਮੈਂ ਆਪਣੇ ਜਾਂ ਆਪਣੀ ਪਤਨੀ ਦੇ ਨਾਂਅ ‘ਤੇ ਕੋਈ ਜਾਇਦਾਦ ਨਹੀਂ ਖ਼ਰੀਦਾਂਗਾ। ਸਾਡਾ ਮਕਸਦ ਕੁਰਸੀਆਂ ਲੈਣਾ ਨਹੀਂ, ਸਗੋਂ ਪੰਜਾਬ ਦਾ ਭਲਾ ਕਰਨਾ ਹੈ। ਭਾਵੇਂ ਕੋਈ ਵੀ ਮੁੱਖ ਦਾ ਚਿਹਰਾ ਹੋਵੇ ਮੈਨੂੰ ਮਨਜ਼ੂਰ ਹੈ, ਅਸੀਂ ਉਸ ਨਾਲ ਮੋਢੇ-ਮੋਢੇ ਜੋੜ ਕੇ ਕੰਮ ਕਰਾਂਗੇ |

ਸਾਡੀ ਪੂਰੀ ਟੀਮ ਪੰਜਾਬ ਨੂੰ ਬਦਲਣ ਆਈ ਹੈ : ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਕਿਹਾ ਸਾਡੀ ਪੂਰੀ ਟੀਮ ਚੋਣਾਂ ਜਿੱਤਣ ਨਹੀਂ ਬਲਕਿ ਪੰਜਾਬ ਨੂੰ ਬਦਲਣ ਆਈ ਹੈ, ਉਨ੍ਹਾਂ ਕਿਹਾ ਕਿ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਤੇ ਚੰਨੀ ਦੇ ਦਿਲ ‘ਚ ਪੰਜਾਬ ਵੱਸਦਾ ਹੈ| ਕਾਂਗਰਸ ਪਾਰਟੀ ਹਮੇਸ਼ਾਂ ਪੰਜਾਬ ਦੇ ਲਈ ਅੱਗੇ ਰਹੀ ਹੈ | ਕਾਂਗਰਸ ਪਾਰਟੀ ਦੂਜੀਆਂ ਪਾਰਟੀਆਂ ਨਾਲੋਂ ਬਿਲਕੁਲ ਵੱਖਰੀ ਹੈ ਕਿਉਂਕਿ ਸਾਡੇ ਕੋਲ ਇੱਕ ਪੂਰੀ ਟੀਮ ਹੈ ਜੋ ਹਮੇਸ਼ਾਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਰੱਖਦੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਇੱਕ ਬੰਦੇ ਦੇ ਇਸ਼ਾਰੇ ‘ਤੇ ਨਹੀਂ ਚੱਲਦਾ ਇਸ ਲਈ ਅਸੀਂ ਹਮੇਸ਼ਾਂ ਲੋਕਾਂ ਦੀ ਸਲਾਹ ਨਾਲ ਹੀ ਚੱਲਦੇ ਹਾਂ ਇਸ ਲਈ ਅਸੀਂ ਦੂਜੀਆਂ ਪਾਰਟੀਆਂ ਤੋਂ ਵੱਖ ਹਾਂ | ਇਸ ਲਈ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਤੁਸੀਂ ਮੈਨੂੰ ਕਿਹਾ ਪਰ ਇਹ ਤੁਹਾਡੇ ਹੱਥ ਹੈ, ਇਸ ਦਾ ਫ਼ੈਸਲਾ ਵੀ ਮੈਂ ਨਹੀਂ ਲਿਆ, ਇਹ ਤੁਹਾਡਾ ਸਭ ਦਾ ਫ਼ੈਸਲਾ ਹੈ ਕਿ ਚਰਨਜੀਤ ਸਿੰਘ ਚੰਨੀ ਹੀ ਕਾਂਗਰਸ ਵਲੋ ਮੁੱਖ ਮੰਤਰੀ ਦਾ ਚਿਹਰਾ ਹੋਣੇ ਚਾਹੀਦੇ ਹਨ |