ਚੰਡੀਗੜ੍ਹ, 23 ਨਵੰਬਰ 2024: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 21ਵੀਂ ਪਸ਼ੂ ਗਣਨਾ ਦੀ ਸ਼ੁਰੂਆਤ ਕਰਵਾਈ ਹੈ। ਖੇਤੀਬਾੜੀ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਇਸ ਗਣਨਾ ਦੌਰਾਨ ਪਸ਼ੂਆਂ ਅਤੇ ਪੋਲਟਰੀ ਦੀਆਂ ਕੁੱਲ 16 ਵੱਖ-ਵੱਖ ਨਸਲਾਂ ਦੀ ਗਿਣਤੀ ਕੀਤੀ ਜਾਵੇਗੀ।
ਪਹਿਲੀ ਵਾਰ ਗਣਨਾ ‘ਚ ਪਸ਼ੂ ਪਾਲਣ ਕਾਰੋਬਾਰ ਦੇ ਖੇਤਰ ‘ਚ ਔਰਤਾਂ ਦੀ ਭੂਮਿਕਾ ਨੂੰ ਵੀ ਦਰਜ ਕੀਤਾ ਜਾਵੇਗਾ। 2019 ਤੋਂ ਬਾਅਦ ਦੂਜੀ ਵਾਰ ਇਹ ਗਣਨਾ ਡਿਜੀਟਲ ਰੂਪ ‘ਚ ਕਰਵਾਈ ਜਾਵੇਗੀ, ਜਿਸ ‘ਚ ਪਸ਼ੂਧਨ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਦਾ ਡਾਟਾ ਇਕੱਠਾ ਕਰਨ ਲਈ ਮੋਬਾਈਲ ਐਪ ਦੀ ਵਰਤੋਂ ਕੀਤੀ ਜਾਵੇਗੀ।
ਖੇਤੀਬਾੜੀ ਮੰਤਰੀ (Gurmeet Singh Khudian) ਨੇ ਦੱਸਿਆ ਕਿ ਇਸ ਵਿਆਪਕ ਖੇਤਰੀ ਸਰਵੇਖਣ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਇੱਕ ਸੂਬਾ ਪੱਧਰੀ ਨੋਡਲ ਅਫ਼ਸਰ, 5 ਜ਼ੋਨਲ ਨੋਡਲ ਅਫ਼ਸਰ, 23 ਜ਼ਿਲ੍ਹਾ ਨੋਡਲ ਅਫ਼ਸਰ, 392 ਸੁਪਰਵਾਈਜ਼ਰ ਅਤੇ 1962 ਗਿਣਤੀਕਾਰ ਨਿਯੁਕਤ ਕੀਤੇ ਹਨ। ਇਹ ਗਿਣਤੀਕਾਰ ਜਾਨਵਰਾਂ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਅਨੁਸਾਰ ਉਨ੍ਹਾਂ ਦੀ ਗਿਣਤੀ ਰਿਕਾਰਡ ਕਰਨ ਲਈ ਲਗਭਗ 65 ਲੱਖ ਘਰਾਂ ਦਾ ਦੌਰਾ ਕਰਨਗੇ।
ਇਹ ਪਹਿਲੀ ਵਾਰ ਹੋਵੇਗਾ ਕਿ ਪਾਲਤੂ ਕੁੱਤਿਆਂ ਦੀ ਵੀ ਨਸਲ ਦੇ ਆਧਾਰ ‘ਤੇ ਗਿਣਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪਹਿਲੀ ਵਾਰ ਗਊਸ਼ਾਲਾ ਦੇ ਪਸ਼ੂਆਂ ਅਤੇ ਖਾਨਾਬਦੋਸ਼ ਕਬੀਲਿਆਂ ਦੁਆਰਾ ਪਾਲਦੇ ਜਾਨਵਰਾਂ ਨੂੰ ਵੱਖਰੇ ਤੌਰ ‘ਤੇ ਗਿਣਿਆ ਜਾਵੇਗਾ। ਇਸ ਗਣਨਾ ਦੌਰਾਨ ਪਸ਼ੂ ਪਾਲਣ ਖੇਤਰ ‘ਤੇ ਕਿਸਾਨਾਂ ਦੀ ਨਿਰਭਰਤਾ ਦੇ ਨਾਲ-ਨਾਲ ਮੁਰਗੀ ਪਾਲਣ ਅਤੇ ਪਸ਼ੂ ਪਾਲਣ ਨਾਲ ਸਬੰਧਤ ਉਪਕਰਣਾਂ ਦਾ ਡਾਟਾ ਵੀ ਇਕੱਤਰ ਕੀਤਾ ਜਾਵੇਗਾ। ਇਹ ਗਣਨਾ ਫਰਵਰੀ 2025 ਤੱਕ ਪੂਰੀ ਹੋਣ ਦੀ ਉਮੀਦ ਹੈ।
ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ: ਗੁਰਸ਼ਰਨਜੀਤ ਸਿੰਘ ਬੇਦੀ ਨੇ ਖੇਤੀਬਾੜੀ ਮੰਤਰੀ ਨੂੰ ਦੱਸਿਆ ਕਿ ਇਸ ਗਣਨਾ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਅਤੇ ਵਿਸ਼ੇਸ਼ ਸਕੱਤਰ ਹਰਬੀਰ ਸਿੰਘ ਇਸ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਉਨ੍ਹਾਂ ਦੀ ਅਗਵਾਈ ‘ਚ ਇਹ ਗਣਨਾ ਰਾਜ ਦੇ ਪਸ਼ੂ ਪਾਲਕਾਂ ਦੀ ਭਲਾਈ ਲਈ ਨਵੀਆਂ ਨੀਤੀਆਂ ਘੜਨ ‘ਚ ਸਹਾਈ ਹੋਵੇਗੀ।