Site icon TheUnmute.com

PRTC ਬੱਸ ਦੇ ਡਰਾਈਵਰ ਦਾ ਲੁੱਟ ਤੋਂ ਬਾਅਦ ਕਤਲ, ਮੁਲਾਜ਼ਮਾਂ ਨੇ ਬਠਿੰਡਾ ਬੱਸ ਸਟੈਂਡ ਕੀਤਾ ਜਾਮ

PRTC

ਬਠਿੰਡਾ, 11 ਜਨਵਰੀ 2024: ਪੀ.ਆਰ.ਟੀ.ਸੀ (PRTC) ਕਪੂਰਥਲਾ ਡਿੱਪੂ ਦੇ ਡਰਾਈਵਰ ਦੀ ਲੁੱਟ ਤੋਂ ਬਾਅਦ ਕੀਤੇ ਗਏ ਕਤਲ ਉਸਤੋਂ ਬਾਅਦ ਪੀ.ਆਰ.ਟੀ.ਸੀ ਕਰਮਚਾਰੀ ਯੂਨੀਅਨ ਵਿੱਚ ਵੱਡਾ ਰੋਸ ਕੀਤਾ ਜਾ ਰਿਹਾ ਹੈ | ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੀ.ਆਰ.ਟੀ.ਸੀ ਦੇ ਕਰਮਚਾਰੀਆਂ ਵੱਲੋਂ ਬਠਿੰਡਾ ਦਾ ਬੱਸ ਸਟੈਂਡ ਜਾਮ ਕਰ ਦਿੱਤਾ |

ਇਸ ਮੌਕੇ ਉਹਨਾਂ ਵੱਲੋਂ ਪੀ.ਆਰ.ਟੀ.ਸੀ ਮੈਨੇਜਮੈਂਟ ਖ਼ਿਲਾਫ਼ ਜਿੱਥੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ ਬੱਸ ਦਾ ਡਰਾਈਵਰ ਜੋ ਆਪਣੀ ਡਿਊਟੀ ਖ਼ਤਮ ਕਰਕੇ ਘਰ ਵਾਪਸ ਜਾ ਰਿਹਾ ਸੀ ਦੀ ਲੁੱਟ ਦੀ ਨੀਅਤ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਬਣਦੇ ਕਦਮ ਨਹੀਂ ਚੁੱਕੇ ਜਾ ਰਹੇ | ਜਿਸ ਕਾਰਨ ਉਹਨਾਂ ਨੂੰ ਰੋਸ ਵਜੋਂ ਅੱਜ ਬੱਸ ਸਟੈਂਡ ਜਾਮ ਕਰਨਾ ਪਿਆ ਹੈ |

ਉਹਨਾਂ ਕਿਹਾ ਕਿ ਜਿੰਨਾ ਸਮਾਂ ਪੰਜਾਬ ਸਰਕਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਕਤਲ ਕੀਤੇ ਗਏ ਡਰਾਈਵਰ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ, ਉਨਾਂ ਸਮਾਂ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ | ਮੈਨੇਜਮੈਂਟ ਵੱਲੋਂ ਇੱਕ ਵਾਰ ਸੱਦਾ ਦੇਣ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਬੱਸ ਸਟੈਂਡ ਖੋਲ੍ਹ ਦਿੱਤਾ ਗਿਆ ਪਰ ਉਹਨਾਂ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਰਹਿੰਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਹ ਫਿਰ ਸੜਕਾਂ ਤੇ ਉਤਰਨਗੇ |

ਉੱਥੇ ਹੀ ਟਰੈਫਿਕ ਦੂਰ ਦੂਰ ਤੱਕ ਜਾਮ ਨਜ਼ਰ ਆਇਆ, ਫਿਲਹਾਲ ਪੀ.ਆਰ.ਟੀ.ਸੀ (PRTC) ਮੁਲਾਜ਼ਮਾਂ ਵੱਲੋਂ ਫੈਸਲਾ ਵਾਪਸ ਲੈ ਲਿਆ ਗਿਆ ਹੈ | ਜੇਕਰ ਕੱਲ੍ਹ ਤੱਕ ਪੀੜਤ ਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਇਹ ਪ੍ਰਦਰਸ਼ਨ ਪੀ.ਆਰ.ਟੀ.ਸੀ ਦੇ ਸਮੂਹ ਡਿੱਪੂਆਂ ਵੱਲੋਂ ਕੀਤਾ ਜਾਵੇਗਾ |

Exit mobile version