Site icon TheUnmute.com

ਬੀਕੇਯੂ ਉਗਰਾਹਾਂ ਵੱਲੋਂ ਸੰਘਰਸ਼ਸ਼ੀਲ ਖਿਡਾਰਨਾਂ ਦੇ ਹੱਕੀ ਘੋਲ਼ ਦੀ ਹਮਾਇਤ ‘ਚ ਅਤੇ ਮੋਦੀ ਸਰਕਾਰ ਵਿਰੁੱਧ ਕੱਲ੍ਹ ਤੋਂ ਰੋਸ ਪ੍ਰਦਰਸ਼ਨ ਸ਼ੁਰੂ

BKU Ekta-Ugrahan

ਚੰਡੀਗੜ੍ਹ, 10 ਮਈ, 2023: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਹਿਲਵਾਨ ਕੁੜੀਆਂ ਦੁਆਰਾ ਇਨਸਾਫ਼ ਲੈਣ ਲਈ ਦਿੱਲੀ ਜੰਤਰ ਮੰਤਰ ਵਿਖੇ ਹਫ਼ਤਿਆਂ ਬੱਧੀ ਦਿਨੇ ਰਾਤ ਲਾਏ ਗਏ ਲਗਾਤਾਰ ਧਰਨੇ ਦੀ ਹਮਾਇਤ ਵਿੱਚ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਉਸਦੀ ਸਰਪ੍ਰਸਤ ਮੋਦੀ ਸਰਕਾਰ ਵਿਰੁੱਧ 11, 12, ਅਤੇ 13 ਮਈ ਨੂੰ 17 ਜ਼ਿਲ੍ਹਿਆ ਵਿਚ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 11 ਮਈ ਨੂੰ ਮਾਨਸਾ, ਅੰਮ੍ਰਿਤਸਰ ਤੇ ਸੰਗਰੂਰ ਡੀ ਸੀ ਦਫ਼ਤਰਾਂ ਸਮੇਤ ਹੁਸ਼ਿਆਰਪੁਰ ਵਿੱਚ ਮਾਹਿਲਪੁਰ ਐੱਸ ਡੀ ਐਮ ਦਫ਼ਤਰ ਅੱਗੇ ,12 ਮਈ ਨੂੰ ਮੋਗਾ, ਬਠਿੰਡਾ, ਪਟਿਆਲਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ ਡੀ ਸੀ ਦਫ਼ਤਰਾਂ ਸਮੇਤ ਜਲੰਧਰ ਵਿੱਚ ਨਕੋਦਰ ਐੱਸ ਡੀ ਐਮ ਦਫ਼ਤਰ ਅੱਗੇ ਅਤੇ 13 ਮਈ ਨੂੰ ਮਲੇਰਕੋਟਲਾ, ਲੁਧਿਆਣਾ, ਮੁਕਤਸਰ ਡੀ ਸੀ ਦਫ਼ਤਰਾਂ ਅੱਗੇ ਭਾਰੀ ਗਿਣਤੀ ਔਰਤਾਂ ਸਮੇਤ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਨਜਾਇਜ਼ ਤੌਰ ‘ਤੇ ਇਖਲਾਕੀ ਦੋਸ਼ੀ ਦਾ ਬਚਾਅ ਕਰ ਰਹੀ ਹੈ, ਜਿਸ ਦੇ ਹੁਕਮਾਂ ਤਹਿਤ ਪੁਲਿਸ ਨੇ ਸ਼ਾਂਤਮਈ ਰੋਸ ਦਾ ਜਮਹੂਰੀ ਹੱਕ ਕੁਚਲਣ ਲਈ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਕਿਸੇ ਆਮ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਥੇਬੰਦੀਆਂ ਦੇ ਕਾਰਕੁਨਾਂ ਨੂੰ ਭਿੜ ਕੇ ਧਰਨੇ ਵਾਲੀ ਥਾਂ ਤੇ ਜਾਣਾ ਪੈਂਦਾ ਹੈ। ਪੁਲੀਸ ਸ਼ਹਿਰ ਦੀਆਂ ਹੱਦਾਂ ‘ਤੇ ਵਾਹਨਾਂ ਦੀ ਚੈਕਿੰਗ ਕਰਕੇ ਜੰਤਰ ਮੰਤਰ ਜਾਣ ਤੋਂ ਰੋਕਣ ਲਈ ਵਾਹ ਲਾ ਰਹੀ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਰੋਸ ਮੁਜ਼ਾਹਰਿਆਂ ਦੌਰਾਨ ਮੰਗ ਕੀਤੀ ਜਾਵੇਗੀ ਕਿ ਕੌਮਾਂਤਰੀ ਤਗਮੇ ਜਿੱਤਣ ਵਾਲੀਆਂ ਨਾਮਵਰ ਕੁਸ਼ਤੀ ਖਿਡਾਰਨਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੋਂ ਅਸਤੀਫਾ ਲੈਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦੀ ਘੇਰਾਬੰਦੀ ਖਤਮ ਕੀਤੀ ਜਾਵੇ। ਜ਼ਖ਼ਮੀਆਂ ਦਾ ਸਹੀ ਸਰਕਾਰੀ ਇਲਾਜ ਮੁਫ਼ਤ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

Exit mobile version