Ludhiana

ਅਗਨੀਪੱਥ ਯੋਜਨਾ ਦੇ ਵਿਰੋਧ ‘ਚ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕੀਤੀ ਭੰਨਤੋੜ

ਚੰਡੀਗੜ੍ਹ 18 ਜੂਨ 2022: ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦੇ ਵਿਰੋਧ ਦੀ ਅੱਗ ਦੇਸ਼ ਦੇ 15 ਤੋਂ ਵੱਧ ਸੂਬਿਆਂ ‘ਚ ਫੈਲ ਚੁੱਕੀ ਹੈ | ਬਿਹਾਰ, ਹਰਿਆਣਾ , ਅਲੀਗੜ੍ਹ ਸਮੇਤ ਕਈ ਜਗ੍ਹਾ ‘ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਹੁਣ ਇਸ ਵਿਰੋਧ ਦੀ ਅੱਗ ਪੰਜਾਬ ਵਿੱਚ ਵੀ ਪਹੁੰਚ ਗਈ ਹੈ। ਅੱਜ ਲੁਧਿਆਣਾ (Ludhiana) ਦੇ ਰੇਲਵੇ ਸਟੇਸ਼ਨ ‘ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਜੱਮ ਕੇ ਹੰਗਾਮਾ ਕੀਤਾ ਇਸਦੇ ਨਾਲ ਹੀ ਇਨ੍ਹਾਂ ‘ਚੋਂ ਕੁਝ ਸ਼ਰਾਰਤੀ ਅਨਸਰਾਂ ਨੇ ਭੰਨਤੋੜ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਪਹੁੰਚੇ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸਟੇਸ਼ਨ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਫਿਰ ਅੰਦਰ ਆ ਕੇ ਸਟਾਲਾਂ ਅਤੇ ਸਰਕਾਰੀ ਦਫ਼ਤਰਾਂ ਦੀ ਭੰਨਤੋੜ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ‘ਤੇ ਪਥਰਾਅ ਵੀ ਕੀਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਨੌਜਵਾਨ ਥਾਣਾ ਡਿਵੀਜ਼ਨ ਨੰਬਰ 5 ਦੇ ਬਾਹਰ ਪੁੱਜੇ, ਜਿੱਥੇ ਉਨ੍ਹਾਂ ਨੇ ਪੁਲਿਸ ਦੀ ਗਸ਼ਤ ਕਾਰ ਦੀ ਭੰਨਤੋੜ ਕੀਤੀ।

ਮਾਹੌਲ ਨੂੰ ਦੇਖਦਿਆਂ ਸੀਨੀਅਰ ਡੀਐਸਸੀ ਰਜਨੀਸ਼ ਤ੍ਰਿਪਾਠੀ, ਫਿਰੋਜ਼ਪੁਰ ਮੰਡਲ ਰੇਲਵੇ ਦੇ ਸੁਰੱਖਿਆ ਬਲ, ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਪਹੁੰਚੇ । ਪੁਲਿਸ ਨੇ ਰੇਲਵੇ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ । ਪੁਲਿਸ ਨੇ ਸੀਸੀਟੀਵੀ ਦੇ ਆਧਾਰ ’ਤੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਟੇਸ਼ਨ ਨੂੰ ਚਾਰੇ ਪਾਸਿਓਂ ਘੇਰ ਲਿਆ।

ਪੁਲਿਸ ਕਮਿਸ਼ਨਰ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਦੇ ਨਾਲ ਹੋਰ ਕਿੰਨੇ ਲੋਕ ਸਨ। ਲੁਧਿਆਣਾ (Ludhiana) ਸਟੇਸ਼ਨ ਦੀ ਭੰਨਤੋੜ ਕਰਕੇ ਸ਼ਹਿਰ ਵਿੱਚ ਖਿੱਲਰ ਗਏ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਵੱਖ-ਵੱਖ ਧੜਿਆਂ ‘ਚ ਵੰਡੇ ਹੋਏ ਹਨ। ਲੁਧਿਆਣਾ ਸ਼ਹਿਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਸਾਰੇ ਧਾਰਮਿਕ ਅਤੇ ਜਨਤਕ ਸਥਾਨਾਂ ‘ਤੇ ਫੋਰਸ ਤਾਇਨਾਤ ਕੀਤੀ ਗਈ ਹੈ।

Scroll to Top