Site icon TheUnmute.com

ਚੰਡੀਗੜ੍ਹ PGI ‘ਚ ਡਾਕਟਰਾਂ ਦਾ ਰੋਸ ਪ੍ਰਦਰਸ਼ਨ, ਕੋਲਕਾਤਾ ਦੀ ਬੀਬੀ ਡਾਕਟਰ ਲਈ ਮੰਗਿਆ ਇਨਸਾਫ਼

Chandigarh PGI

ਚੰਡੀਗੜ੍ਹ, 12 ਅਗਸਤ 2024: ਕੋਲਕਾਤਾ ਮੈਡੀਕਲ ਕਾਲਜ ‘ਚ ਇੱਕ ਬੀਬੀ ਰੈਜ਼ੀਡੈਂਟ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਸੰਬੰਧ ‘ਚ ਅੱਜ ਚੰਡੀਗੜ੍ਹ ਪੀਜੀਆਈ (Chandigarh PGI) ‘ਚ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ | ਡਾਕਟਰਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਪੀੜਤ ਨੂੰ ਇਨਸਾਫ਼ ਦਿੱਤਾ ਜਾਵੇ।

ਇਸਦੇ ਨਾਲ ਹੀ ਰੈਜ਼ੀਡੈਂਟ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ‘ਚ ਅਜਿਹੀ ਕੋਈ ਘਟਨਾ ਵਾਪਰਨ ਦੀ ਸੰਭਾਵਨਾ ਨਾ ਰਹੇ। ਵਿਰੋਧ ਕਰ ਰਹੇ ਡਾਕਟਰਾਂ ਨੇ ਐਮਰਜੈਂਸੀ ਨੂੰ ਛੱਡ ਕੇ ਓਪੀਡੀ, ਵਾਰਡ, ਅਪਰੇਸ਼ਨ ਥੀਏਟਰ ਦਾ ਸਾਰਾ ਕੰਮ ਬੰਦ ਕਰ ਦਿੱਤਾ ਹੈ। ਅੱਜ ਪੂਰੇ ਦੇਸ਼ ਵਿੱਚ ਡਾਕਟਰਾਂ ਵੱਲੋਂ ਅਜਿਹੀ ਹੜਤਾਲ ਕੀਤੀ ਗਈ ਹੈ।

ਇਸ ਮਾਮਲੇ ਵਿੱਚ ਚੰਡੀਗੜ੍ਹ ਪੀਜੀਆਈ (Chandigarh PGI) ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਪ੍ਰਨੀਤ ਰੈਡੀ ਨੇ ਦੱਸਿਆ ਕਿ ਕੋਲਕਾਤਾ ਦੇ ਮੈਡੀਕਲ ਕਾਲਜ ‘ਚ ਇੱਕ ਬੀਬੀ ਡਾਕਟਰ ਨਾਲ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ। ਅਸੀਂ ਇਸਨੂੰ ਜਨਤਕ ਪਲੇਟਫਾਰਮ ‘ਤੇ ਬਿਆਨ ਵੀ ਨਹੀਂ ਕਰ ਸਕਦੇ। ਇਸ ਦੇ ਬਾਵਜੂਦ ਬੰਗਾਲ ਸਰਕਾਰ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਮੁਲਜ਼ਮਾਂ ਨੂੰ ਬਚਾਉਣ ‘ਚ ਲੱਗੇ ਹੋਏ ਹਨ।

ਇਸ ਮਾਮਲੇ ‘ਚ ਭਾਜਪਾ ਆਗੂ ਅਤੇ ਕਲਕੱਤਾ ਹਾਈ ਕੋਰਟ ਦੇ ਵਕੀਲ ਕੌਸਤਵ ਬਾਗਚੀ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਅਤੇ ਸਾਰੇ ਮੈਡੀਕਲ ਕਾਲਜਾਂ, ਹਸਪਤਾਲਾਂ ਅਤੇ ਰੈਸਟ ਰੂਮਾਂ ‘ਚ ਢੁੱਕਵੀਂ ਸੁਰੱਖਿਆ ਵਾਲੇ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ। ਹਾਈ ਕੋਰਟ ਕੱਲ੍ਹ ਇਸ ਮਾਮਲੇ ਦੀ ਸੁਣਵਾਈ ਕਰੇਗੀ |

Exit mobile version