ਪੰਜਾਬ UT ਮੁਲਾਜਮ

ਪੰਜਾਬ UT ਮੁਲਾਜਮ ਤੇ ਪੈਨਸ਼ਨਰਜ ਸਾਝਾਂ ਫਰੰਟ ਵੱਲੋਂ ਰੋਸ ਪ੍ਦਰਸ਼ਨ 13 ਨਵੰਬਰ ਨੂੰ

ਚੰਡੀਗੜ੍ਹ 09/11/2021; ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਜਿਲ੍ਹਾ ਬਠਿੰਡਾ ਦੇ ਕਨਵੀਨਰਜ ਤੇ ਸਰਗਰਮ ਆਗੂਆਂ ਦੀ ਮੀਟਿੰਗ ਸਾਥੀ ਰਣਜੀਤ ਸਿੰਘ ਪ੍ਰਿਸੀਪਲ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਬਠਿੰਡਾ ਵਿਖੇ ਹੋਈ। ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਨਵੀਨਰ ਸਾਥੀ ਗੁਰਸੇਵਕ ਸਿੰਘ ਸੰਧੂ, ਗਗਨਦੀਪ ਸਿੰਘ, ਅਤੇ ਜਤਿੰਦਰ ਕ੍ਰਿਸ਼ਨ ਨੇ ਦੱਸਿਆ ਕਿ ਪੰਜਾਬ ਯੂ ਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮਿਤੀ 13/11/2021 ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਪੰਜਾਬ ਸਰਕਾਰ ਵਿਰੁੱਧ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਕਿਉਂਕਿ ਵਿੱਤ ਮੰਤਰੀ ਵੱਲੋਂ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਜਾਣਬੁੱਝ ਕੇ ਤਰੁੱਟੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਅੱਖੋਂ ਪਰੋਖੇ ਕਰਕੇ ਮਨਮਰਜੀ ਦੇ ਪੱਤਰ ਜਾਰੀ ਕੀਤੇ ਜਾ ਰਹੇ ਹਨ। ਜਿਵੇਂ ਮੁਲਾਜਮਾਂ ਤੇ ਪੈਨਸ਼ਨਰਾਂ ਦਾ 11% ਡੀਏ ਮੁੱਖ ਮੰਤਰੀ ਵੱਲੋਂ 01/07/2021 ਤੋਂ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰੰਤੂ ਵਿੱਤ ਮੰਤਰੀ ਵੱਲੋਂ 01/11/2021 ਤੋਂ ਇਕੱਲੇ ਮੁਲਾਜਮਾਂ ਲਈ ਪੱਤਰ ਜਾਰੀ ਕਰਕੇ ਪੈਨਸ਼ਨਰਾਂ ਨੂੰ ਡੀਲਿੰਕ ਕਰ ਦਿੱਤਾ ਗਿਆ ਹੈ। ਬੱਝਵਾਂ ਮੈਡੀਕਲ ਭੱਤਾ ਇਕੱਲੇ ਮੁਲਾਜਮਾਂ ਲਈ ਜਾਰੀ ਕੀਤਾ ਗਿਆ ਹੈ। ਕੈਬਨਿਟ ਸਬ ਕਮੇਟੀ ਵੱਲੋਂ ਕੀਤੇ ਫੈਸਲਿਆਂ ਨੂੰ ਵਿੱਤ ਮੰਤਰੀ ਮੰਨਣ ਲਈ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕੱਚੇ ਮੁਲਾਜਮ ਪੱਕੇ ਨਹੀਂ ਕੀਤੇ ਜਾ ਰਹੇ। ਪੁਰਾਣੀਂ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ। ਘੱਟੋ ਘੱਟ ਉਜਰਤਾਂ ਨਹੀਂ ਦਿੱਤੀਆਂ ਜਾ ਰਹੀਆਂ। ਦੋ ਸਾਲ ਤੋਂ ਡੀ ਸੀ ਰੇਟਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਮੰਗ ਪੱਤਰ ਵਿੱਚ ਦਰਜ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਕਰਮਚਾਰੀਆਂ ਦੇ ਸਕੇਲਾਂ ਦਾ ਬਕਾਇਆ ਨੌਂ ਕਿਸ਼ਤਾ ਵਿੱਚ ਦੇਣ ਲਈ ਵਿੱਤ ਮੰਤਰੀ ਵੱਲੋਂ ਤੁਗਲਕੀ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲੇ ਪੰਜ ਪੇ ਕਮਿਸ਼ਨਾਂ ਦਾ ਬਕਾਇਆ ਦੋ ਜਾਂ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਰਿਹਾ ਹੈ। ਇਸ ਕਰਕੇ ਪੰਜਾਬ ਦੇ ਸਮੂੰਹ ਸੱਤ ਲੱਖ ਮੁਲਾਜਮਾਂ ਤੇ ਪੈਨਸ਼ਨਰਾਂ ਸਮੇਤ ਉਨ੍ਹਾਂ ਦੇ ਪ੍ਰੀਵਾਰਾਂ ਵਿੱਚ ਵਿੱਤ ਮੰਤਰੀ ਖਿਲਾਫ ਗੁੱਸਾ ਭਰਿਆ ਹੋਇਆ ਹੈ। ਸੋ ਇਸ ਵਿਸ਼ਾਲ ਰੈਲੀ ਦੀਆਂ ਤਿਆਰੀ ਸਬੰਧੀ ਸਾਥੀਆਂ ਦੀਆਂ ਵੱਖ ਵੱਖ ਡਿਓਟੀਆਂ ਲਗਾਈਆਂ ਗਈਆਂ ਹਨ। ਮੀਟਿੰਗ ਵਿੱਚ ਸਾਥੀ ਗੁਰਸੇਵਕ ਸਿੰਘ ਸੰਧੂ ਦੀ ਵਿੱਤ ਮੰਤਰੀ ਵੱਲੋਂ ਬਦਲਾਖੋਰੀ ਦੀ ਭਾਵਨਾਂ ਨਾਲ ਕਰਵਾਈ ਬਦਲੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਵਿੱਤ ਮੰਤਰੀ ਨੂੰ ਤਾੜਨਾਂ ਕਰਦੇ ਹੋਏ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਦਾ ਫੈਸਲਾ ਲਿਆ ਗਿਆ।
ਇਸ ਮੀਟਿੰਗ ਵਿੱਚ ਸਾਥੀ ਮੱਖਣ ਸਿੰਘ ਖਣਗਵਾਲ, ਮਨਜੀਤ ਸਿੰਘ ਧੰਜਲ, ਸੁਖਵਿੰਦਰ ਸਿੰਘ ਕਿਲੀ,ਕਿਸ਼ੋਰ ਚੰਦ ਗਾਜ ਤੇ ਨੈਬ ਸਿੰਘ ਔਲਖ ਨੇ ਆਪਣੇਂ ਵਿਚਾਰ ਪ੍ਰਗਟ ਕਰਦਿਆਂ ਵਿੱਤ ਮੰਤਰੀ ਵੱਲੋਂ ਮੁਲਾਜਮਾਂ ਤੇ ਪੈਨਸ਼ਨਰਾਂ ਵਿੱਚ ਜਾਣ ਬੁੱਝ ਕੇ ਪਾੜਾ ਪਾਉਣ ਦੀ ਨੀਅਤ ਨਾਲ ਡੀ ਏ ਅਤੇ ਮੈਡੀਕਲ ਭੱਤੇ ਦੇ ਜਾਰੀ ਕੀਤੇ ਅਧੂਰੇ ਦਫਤਰੀ ਹੁਕਮਾਂ/ਪੱਤਰਾਂ ਵਿੱਚ ਪੈਨਸ਼ਨਰਾਂ ਨੂੰ ਸਾਮਲ ਨਾਂ ਕਰਕੇ ਇਸ ਤਰ੍ਹਾਂ ਦੀਆਂ ਜਾਣ ਬੁੱਝ ਕੇ ਪਾਈਆਂ ਤਰੁੱਟੀਆਂ ਦੀ ਜੋਰਦਾਰ ਨਿਖੇਧੀ ਕੀਤੀ।
ਸਾਥੀ ਅਰਣੁ ਕੁਮਾਰ,ਵਜੀਰ ਸਿੰਘ ਦਰਸ਼ਨ ਸ਼ਰਮਾਂ ਅਤੇ ਸਾਥੀ ਸਾਮ ਸਰੂਪ ਨੇ ਵਿੱਤ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਿੱਤ ਮੰਤਰੀ ਮੁਲਾਜਮਾਂ ਤੇ ਪੈਨਸ਼ਨਰਾਂ ਵਿੱਚ ਪਾੜਾ ਪਾਉਣ ਦੀ ਨੀਤੀ ਤੋਂ ਬਾਜ ਨਾਂ ਆਇਆ, ਜਾਣ ਬੁੱਝ ਕੇ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਵਿੱਚ ਤਰੁੱਟੀਆ ਪੈਦਾ ਕਰਨੀਆਂ ਬੰਦ ਨਾਂ ਕੀਤੀਆਂ ਤਾਂ 13 ਨਵੰਬਰ ਦੇ ਧਰਨੇਂ ਤੋਂ ਬਾਅਦ ਵਿੱਤ ਮੰਤਰੀ ਨੂੰ ਬਠਿੰਡਾ ਸਹਿਰ ਵਿੱਚ ਵੜ੍ਹਨ ਨਹੀਂ ਦਿੱਤਾ ਜਾਵੇਗਾ। ਚੋਣਾਂ ਦੌਰਾਨ ਇਸ ਦਾ ਸਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਵਿਰੋਧ ਕੀਤਾ ਜਾਇਆ ਕਰੇਗਾ। ਮੀਟਿੰਗ ਵਿੱਚ ਹਾਜਰ ਮੈਂਬਰਾਂ ਨੇ ਵਿੱਤ ਮੰਤਰੀ ਵੱਲੋਂ ਆਗੂਆਂ ਦੀਆਂ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਬਦਲੀਆਂ ਦੇ ਡਰਾਵਿਆਂ ਦਾ ਵੀ ਵਿਰੋਧ ਕਰਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ।

Scroll to Top