ਚੰਡੀਗੜ੍ਹ 02 ਦਸੰਬਰ 2021: ਭਾਰਤ ਵਿਚ ਪ੍ਰੋ ਕਬੱਡੀ ਲੀਗ (Pro Kabaddi league ) ਦਾ ਅੱਠਵਾਂ ਸੀਜ਼ਨ 22 ਦਸੰਬਰ ਤੋਂ ਸ਼ੁਰੂ ਹੋਵੇਗਾ ,ਇਸ ਵਿਚ ਮੈਚ ਦਰਸ਼ਕਾਂ ਦੀ ਗੈਰ-ਮੌਜੂਦਗੀ ‘ਚ ਖੇਡਿਆ ਜਾਵੇਗਾ। ਆਰਗੇਨਾਈਜ਼ਰ ਮਸ਼ਾਲ ਸਪੋਰਟਸ ਨੇ ਪਹਿਲੇ ਚਾਰ ਦਿਨ 3-3 ਮੈਚ ਕਰਵਾਉਣ ਦਾ ਫੈਸਲਾ ਕੀਤਾ। ਪੀਕੇਐਲ ਦੇ 8ਵੇਂ ਸੀਜ਼ਨ ਦੀ ਸ਼ੁਰੂਆਤ ‘ਚ ਯੂ-ਮੁੰਬਾ ਅਤੇ ਬੈਂਗਲੁਰੂ ਬੁਲਸ ਵਿਚਾਲੇ ਮੈਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤੇਲਗੂ ਟਾਈਟਨਸ ਦਾ ਸਾਹਮਣਾ ਤਾਮਿਲ ਥਲਾਈਵਾਸ ਨਾਲ ਹੋਵੇਗਾ। ਦੂਜੇ ਪਾਸੇ ਯੂਪੀ ਯੋਧਾ ਦਾ ਮੁਕਾਬਲਾ ਮੌਜੂਦਾ ਜੇਤੂ ਬੰਗਾਲ ਵਾਰੀਅਰਜ਼ ਨਾਲ ਹੋਵੇਗਾ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਬੈਂਗਲੁਰੂ ਵ੍ਹਾਈਟਫੀਲਡ ਹੋਟਲ ਅਤੇ ਕਨਵੈਨਸ਼ਨ ਸੈਂਟਰ ਨੂੰ ਬਾਇਓ-ਬਬਲ (ਖਿਡਾਰੀਆਂ ਲਈ ਕਰੋਨਾ ਤੋਂ ਬਚਾਉਣ ਲਈ ਸੁਰੱਖਿਅਤ ਵਾਤਾਵਰਣ) ਵਿੱਚ ਬਦਲ ਦਿੱਤਾ ਗਿਆ ਹੈ। ਇੱਥੇ 12 ਟੀਮਾਂ ਰੁਕਣਗੀਆਂ ਅਤੇ ਖੇਡਣਗੀਆਂ।
ਪ੍ਰੋ ਕਬੱਡੀ ਲੀਗ ਦੇ ਸ਼ਡਿਊਲ ਦੇ ਜਾਰੀ ਹੋਣ ਤੋਂ ਬਾਅਦ, ਵੀਵੀ ਪ੍ਰੋ ਕਬੱਡੀ ਲੀਗ ਦੇ ਕਮਿਸ਼ਨਰ ਅਤੇ ਮਸ਼ਾਲ ਸਪੋਰਟਸ ਦੇ ਸੀਈਓ, ਅਨੁਪਨ ਗੋਸਵਾਮੀ ਨੇ ਕਿਹਾ ਕਿ ਵੀਵੀ ਪ੍ਰੋ ਕਬੱਡੀ ਲੀਗ ਭਾਰਤ ਦੀ ਆਪਣੀ ਖੇਡ ਕਬੱਡੀ ਨੂੰ ਇੱਕ ਨਵੇਂ ਫਾਰਮੈਟ ਨਾਲ ਮੁੜ ਪ੍ਰਸਿੱਧ ਅਤੇ ਜ਼ਿੰਦਾ ਬਣਾਉਣ ਲਈ ਜਾਣੀ ਜਾਂਦੀ ਹੈ। ਇਸਦਾ ਉਦੇਸ਼ ਇਸ ਖੇਡ ਨੂੰ ਫਿਰ ਤੋਂ ਨਵੀਂ ਉਚਾਈ ‘ਤੇ ਲਿਜਾਣਾ ਹੈ।
ਅਨੁਪਮ ਗੋਸਵਾਮੀ ਨੇ ਅੱਗੇ ਕਿਹਾ ਕਿ ਇਸ ਵਾਰ ਸ਼ਡਿਊਲ ਨੂੰ ਦੋ ਹਿੱਸਿਆਂ ਵਿੱਚ ਜਾਰੀ ਕਰਨ ਨਾਲ ਟੀਮਾਂ ਨੂੰ ਬਿਹਤਰ ਰਣਨੀਤੀ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਇਸ ਨਾਲ ਅਸੀਂ ਇਸ ਖੇਡ ਦੇ ਪ੍ਰਸ਼ੰਸਕਾਂ ਨਾਲ ਲੰਬੇ ਸਮੇਂ ਤੱਕ ਜੁੜੇ ਰਹਾਂਗੇ। ਟ੍ਰਿਪਲ ਹੈਡਰ ਅਤੇ ਟ੍ਰਿਪਲ ਪੰਗਾ ਹੋਰ ਪ੍ਰਸ਼ੰਸਕਾਂ ਨੂੰ ਆਪਣੇ ਮਨਪਸੰਦ ਖਿਡਾਰੀਆਂ ਅਤੇ ਟੀਮਾਂ ਨੂੰ ਦੇਖਣ ਦੇ ਹੋਰ ਮੌਕੇ ਪ੍ਰਦਾਨ ਕਰਨਗੇ ਕਿਉਂਕਿ ਇਹ ਸਾਰੀਆਂ ਟੀਮਾਂ ਖਿਤਾਬ ਜਿੱਤਣ ਲਈ ਬਹੁਤ ਮਿਹਨਤ ਕਰਦੀਆਂ ਹਨ।