Pritam Singh Kumedan

ਪ੍ਰੀਤਮ ਸਿੰਘ ਕੁਮੇਦਾਨ, ਹਸ਼ਰ ਤੀਕ ਯਾਦ ਰਹੇਗਾ ਤੇਰਾ ਇਸ਼ਕ ਦੇਸ਼ ਪੰਜਾਬ ਦੇ ਨਾਲ

ਪ੍ਰੀਤਮ ਸਿੰਘ ਕੁਮੇਦਾਨ, ਹਸ਼ਰ ਤੀਕ ਯਾਦ ਰਹੇਗਾ ਤੇਰਾ ਇਸ਼ਕ ਦੇਸ਼ ਪੰਜਾਬ ਦੇ ਨਾਲ

ਲਿਖਾਰੀ
ਐੱਸ.ਪੀ.ਸਿੰਘ
9815808787

ਸੰਨ 2000 ਦੇ ਉਹਨੀਂ ਦਿਨੀਂ ਮੈਂ ਇੱਕ ਰਾਸ਼ਟਰੀ ਅੰਗਰੇਜ਼ੀ ਅਖ਼ਬਾਰ ਦੇ ਚੰਡੀਗੜ੍ਹ ਐਡੀਸ਼ਨ ਵਿੱਚ ਸਹਾਫ਼ਤ ਕਰਨ ਆਇਆ ਜਿੰਨ੍ਹੀ ਦਿਨੀਂ ਇੱਥੇ ਪੱਤਿਆਂ ਦੇ ਰੰਗ ਅਚਾਨਕ ਬਦਲਦੇ ਹਨ। ਉਹਨਾਂ ਦਿਨਾਂ ਦੇ ਮੇਰੇ ਕਰਮ ਫਰਮਾਂ, ਅੰਗਰੇਜ਼ੀ ਟ੍ਰਿਬਿਊਨ ਵਾਲੇ ਸਰਬਜੀਤ ਧਾਲੀਵਾਲ ਹੋਰਾਂ ਨੇ ਉਸ ਸ਼ਖਸ ਨਾਲ ਮੈਨੂੰ ਮਿਲਵਾਇਆ ਸੀ ਪਹਿਲੀ ਵਾਰੀ, ਉਹਨਾਂ ਦੇ ਘਰ ਹੀ। ਦੂਜੀ ਮਿਲਣੀ ਸਮੇਂ ਸ਼ਾਇਦ ਹਮੀਰ ਸਿੰਘ ਵੀ ਨਾਲ ਸਨ। ਜਦੋਂ ਪਤਾ ਲੱਗਿਆ ਕਿ ਮੇਰੀ ਹਕੀਕੀ ਦਿਲਚਸਪੀ ਦਾ ਬਾਇਸ botany ਹੈ ਤਾਂ ਕਹਿਣ ਲੱਗੇ, “ਯਾਰ, ਇਹ ਪੱਤੇ ਕਿਉਂ ਰੰਗ ਬਦਲ ਲੈਂਦੇ ਨੇ ਇਹਨੀਂ ਦਿਨੀਂ?” ਮੈਂ ਹਾਲੇ ਜਵਾਨ ਸਾਂ, ਸੋਚਿਆ ਏਨੇ ਵੱਡੇ ਵਿਅਕਤੀ ਕੋਲ ਬੈਠ ਕੇ ਆਪਣੀ ਅਕਲ ਦਾ ਮੁਜ਼ਾਹਰਾ ਕਰਨ ਦਾ ਵਧੀਆ ਮੌਕਾ ਹੈ।

“ਜੀ, ਇੰਝ ਸਮਝ ਲਵੋ ਕਿ ਜਦੋਂ ਦਰਖ਼ਤ ਸੌਂ ਜਾਂਦਾ ਹੈ, dormant ਹੋ ਜਾਂਦਾ ਹੈ ਤਾਂ ਉਹਦੇ ਪੱਤਿਆਂ ਦੇ base ਉੱਤੇ abscisic acid ਦੀ ਇੱਕ ਗੰਢ ਵੱਜ ਜਾਂਦੀ ਹੈ ਜਿਹੜੀ ਅੱਗੋਂ ਭੋਜਨ ਪਾਣੀ ਬੰਦ ਕਰ ਦੇਂਦੀ ਹੈ ਅਤੇ ਪੱਤੇ ਵਿਚਾਰੇ ਲਾਲ, ਗੁਲਾਬੀ, ਫਿਰ ਪੀਲੇ ਹੋ ਜਾਂਦੇ ਹਨ ਅਤੇ ਝੜ ਜਾਂਦੇ ਹਨ।” ਮੈਂ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚ ਡਾਕਟਰ ਜਨਮ ਸਿੰਘ ਕੂਨਰ ਦਾ ਵਿਦਿਆਰਥੀ ਰਿਹਾ ਸਾਂ। ਇਹ ਸਾਬਤ ਕਰਨਾ ਜ਼ਰੂਰੀ ਸੀ ਕਿ ਉਹ ਵਧੀਆ ਅਧਿਆਪਕ ਸਨ, ਸਾਨੂੰ ਠੀਕ ਪੜ੍ਹਾਇਆ ਸੀ।

“ਬੇੜਾ ਗਰਕ। ਇਹਦਾ ਮਤਲਬ ਭੁੱਖੇ ਤਿਹਾਏ ਪੱਤਿਆਂ ਦੀਆਂ ਫੋਟੋਆਂ ਖਿੱਚੀ ਜਾਂਦੇ ਹਨ। ਪੰਜਾਬ ਨਾਲ ਵੀ ਸੈਂਟਰ ਇਹੀ ਕਰਦਾ ਹੈ – ਕੋਈ ਤਿਜ਼ਾਬ ਜਿਹਾ ਸਾਡੀਆਂ ਜੜ੍ਹਾਂ ਵਿੱਚ ਪਾਉਂਦਾ ਰਹਿੰਦਾ ਹੈ। ਜਿਹੜਾ ਸੌਂ ਗਿਆ, ਅਵੇਸਲਾ ਹੋ ਗਿਆ, ਮਾਰਿਆ ਗਿਆ।” ਮੇਰੀ botany ਧਰੀ ਧਰਾਈ ਰਹਿ ਗਈ। ਉਹਨਾਂ ਮੁੱਦੇ ਨੂੰ ਖਿੱਚ ਕੇ ਰਾਜਨੀਤਿਕ ਵਿਗਿਆਨ ਵਾਲੇ ਪਾਲੇ ਵਿੱਚ ਮੋੜ ਦਿੱਤਾ। ਪ੍ਰੀਤਮ ਸਿੰਘ ਕੁਮੇਦਾਨ ਦਾ ਰੋਮ ਰੋਮ ਪੰਜਾਬ ਪ੍ਰੇਮ ਵਿੱਚ ਗ੍ਰਸਿਆ ਹੋਇਆ ਸੀ। ਖ਼ਬਰ ਮਿਲੀ ਹੈ ਕਿ ਸੈਂਕੜਾ ਬਣਾ ਕੇ ਚੱਲ ਵਸੇ ਹਨ। ਸੈਂਕੜਿਆਂ, ਹਜ਼ਾਰਾਂ, ਲੱਖਾਂ, ਕਰੋੜਾਂ ਦੇ ਮਨਾਂ ਵਿੱਚ ਤਾਂ ਖ਼ੈਰ ਹਮੇਸ਼ਾਂ ਹਮੇਸ਼ਾਂ ਲਈ ਵਸਦੇ ਰਹਿਣਗੇ।

ਕਿੱਸੇ ਉਹ ਜਵਾਨੀ ਦੇ ਸੁਣਾਉਂਦੇ ਸਨ, ਪਰ ਮੈਂ ਉਹਨਾਂ ਨੂੰ ਹਮੇਸ਼ਾਂ ਬਜ਼ੁਰਗ ਹੀ ਵੇਖਿਆ। ਫਿਰ ਵੀ ਵਾਰ ਵਾਰ ਇਹ ਭੁੱਲ ਜਾਂਦਾ ਸੀ ਕਿ ਬਜ਼ੁਰਗ ਹਨ। ਦਾੜ੍ਹੀ ਸਿਆਹ ਕਾਲੀ, ਖਿੱਚ ਕੇ ਬੰਨ੍ਹੀ ਹੋਈ, ਰੰਗਦਾਰ ਕਮੀਜ਼ ਅਤੇ ਟਾਈ ਦੀ ਗੰਢ ਇਵੇਂ ਜਿਵੇਂ Oscar Wilde ਦਾ ਫਿਕਰ ਕੀਤਾ ਹੋਵੇ ਕਿ ਭਾਈ ਸਾਰੀ ਸੱਭਿਅਤਾ ਦਾ ਮੁੱਢ ਤਾਂ ਇਸੇ ਗੰਢ ਤੋਂ ਬੱਝਣਾ ਹੈ। ਮੋਬਾਈਲ ਫੋਨ ਹਾਲੇ ਪੱਤਰਕਾਰਾਂ ਦੇ ਹੱਥ ਨਵੇਂ ਨਵੇਂ ਆਏ ਸਨ, ਅਤੇ ਉਹਨਾਂ ਵਿੱਚ ਹਾਲੇ ਕੈਮਰਾ ਵੀ ਨਹੀਂ ਸੀ ਆਇਆ। ਇਸ ਲਈ ਜਦੋਂ ਬੋਲਦੇ ਤਾਂ ਇਹ ਖਿਆਲ ਨਹੀਂ ਸੀ ਆਉਂਦਾ ਕਿ ਫਟਾਫੱਟ ਰਿਕਾਰਡ ਕਰ ਲਵੋ। ਸਗੋਂ ਧਿਆਨ ਨਾਲ ਸੁਣਨਾ, ਕਾਪੀ ਕੱਢ ਕੇ ਨੋਟ ਕਰਨਾ, ਊਹਨਾਂ ਤੋਂ ਕਿਸੇ ਛੇਤੀ ਨਾਲ ਉਚਾਰੀ ਗੱਲ ਦੀ ਵਜ਼ਾਹਤ ਨਾਲ ਦੀ ਨਾਲ ਹੀ ਕਰਵਾ ਲੈਣੀ, ਇਸੇ ਵੱਲ ਧਿਆਨ ਰਹਿੰਦਾ ਸੀ। ਹਮੇਸ਼ਾਂ ਇੰਝ ਵਿਚਰਦੇ ਕਿ ਜਿੰਨ੍ਹੀ ਦੇਰ ਤੁਸੀਂ ਕੋਲ ਬੈਠੋ, ਗਿਆਨ ਹਾਸਲ ਕਰਦੇ ਰਹੋ।

ਪੰਜਾਬ ਦੇ ਪਾਣੀਆਂ ਬਾਰੇ, ਚੰਡੀਗੜ੍ਹ ਉੱਤੇ ਅਧਿਕਾਰ ਬਾਰੇ, ਖਰੜ ਤਹਿਸੀਲ ਕਿਵੇਂ ਪੰਜਾਬ ਕੋਲੋਂ ਖੁੱਸ ਰਹੀ ਸੀ, ਰਾਜਸਥਾਨ ਨੂੰ ਜਾਂਦੇ ਪਾਣੀਆਂ ਬਾਰੇ, ਪਟਿਆਲਾ ਰਿਆਸਤ ਦੇ ਅੰਗਰੇਜ਼ਾਂ ਨਾਲ ਰਿਸ਼ਤਿਆਂ, ਸੌਦਿਆਂ ਅਤੇ ਮਖ਼ਸੂਸ ਘਟਨਾਵਾਂ ਬਾਰੇ, ਪੰਜਾਬ ਅਤੇ ਹਿੰਦੁਸਤਾਨ ਵਿੱਚ ਮਰਦਮ ਸ਼ੁਮਾਰੀਆਂ ਨੂੰ ਲੈਕੇ ਉੱਠੇ ਤਮਾਮ ਵਿਵਾਦਾਂ ਬਾਰੇ ਉਹ ਇੰਝ ਤਰੀਕਾਂ, ਅੰਕੜੇ, ਅਤੇ ਘਟਨਾਵਾਂ ਅਤੇ ਸ਼ਖਸੀਅਤਾਂ ਦੇ ਆਪਸੀ ਮਕੜਜਾਲ ਦੀਆਂ ਗੁੰਝਲਾਂ ਬਿਆਨਦੇ ਜਿਵੇਂ ਰੱਬ ਨੇ ਕਿਸੇ ਇੱਕ ਰੂਹ ਨੂੰ ਚੁਣ ਉਹਦੇ ਅੰਦਰ ਵਿਕੀਪੀਡੀਆ ਫਿੱਟ ਕੀਤਾ ਹੋਵੇ।

2004 ਵਿੱਚ ਜਦੋਂ ਪੰਜਾਬ ਵਿਧਾਨ ਸਭਾ ਨੇ ਪਾਣੀਆਂ ਬਾਰੇ ਪਿੱਛਲੇ ਤਮਾਮ ਸਮਝੌਤੇ ਰੱਦ ਕਰਦਾ ਕਾਨੂੰਨ ਪਾਸ ਕੀਤਾ ਤਾਂ ਕੁਮੇਦਾਨ ਹੋਰਾਂ ਨਾਲ ਹਰ ਰੋਜ਼ ਮੁਲਾਕਾਤਾਂ ਦਾ ਇੱਕ ਲੰਮਾ ਸਿਲਸਿਲਾ ਚੱਲਿਆ। ਇਹ ਮੁਲਾਕਾਤਾਂ ਉਦੋਂ ਸ਼ੁਰੂ ਹੋਈਆਂ ਜਦੋਂ ਇਸ ਸਮਝੌਤੇ ਬਾਰੇ ਹਾਲੇ ਇੱਕ ਵੀ ਖ਼ਬਰ ਨਹੀਂ ਸੀ ਛਪੀ। ਉੱਧਰੋਂ ਸੁਪਰੀਮ ਕੋਰਟ ਦੇ ਫੈਸਲੇ ਵਿੱਚਲੀ ਤਰੀਕ ਨੇੜੇ ਆ ਰਹੀ ਸੀ। ਸਿਆਸਤ ਵਿੱਚ ਪਹਿਲੇ ਹੀ ਕੁੱਝ ਕਸ਼ੀਦਗੀ ਸੀ। ਕਿਸ ਅਫ਼ਸਰ ਨੇ ਉਹਨਾਂ ਨਾਲ ਕੀ ਗੱਲ ਕੀਤੀ, ਕਿਸ ਅਫ਼ਸਰ ਨੇ ਕਿਹੜੀਆਂ ਕਿਤਾਬਾਂ ਆਰਡਰ ਕੀਤੀਆਂ ਹਨ, ਕਿਸ ਅਫ਼ਸਰ ਨੇ ਉਹਨਾਂ ਨੂੰ ਫੋਨ ਕਰਕੇ ਕਿਹੜੇ ਅੰਕੜੇ ਪੁੱਛੇ ਹਨ ਅਤੇ ਇਹਦੇ ਬਾਰੇ ਤਹਿਰੀਰੀ ਹਵਾਲੇ ਮੰਗੇ ਹਨ, ਅਤੇ ਕੌਣ ਕਿਸ ਦੇ ਘਰ ਕਿਸ ਕਿਸ ਨਿਮਨ ਅਧਿਕਾਰੀ ਨੂੰ ਨਾਲ ਲੈਕੇ ਦੇਰ ਰਾਤ ਮੀਟਿੰਗ ਕਰ ਕੇ ਪਟਿਆਲੇ ਰਵਾਨਾ ਹੋਇਆ ਹੈ, ਇਹ ਸਭ ਬੜੇ ਸ਼ੱਕ ਖੜ੍ਹਾ ਕਰਦੀਆਂ ਘਟਨਾਵਾਂ ਸਨ।

ਮੇਰੇ ਹੱਥ ਕੁੱਝ ਕਿਤਾਬਾਂ ਦੀ ਇੱਕ ਲਿਸਟ ਆਈ ਜਿਹੜੀਆਂ ਉਹਨੀ ਦਿਨੀਂ ਹੀ ਪੰਜਾਬ ਦੇ ਇੱਕ ਵੱਡੇ ਅਧਿਕਾਰੀ ਨੇ ਦਿੱਲੀ ਦੇ ਇੱਕ ਪ੍ਰਕਾਸ਼ਕ ਰਾਹੀਂ ਮੰਗਵਾਈਆਂ ਸਨ। ਕੁਮੇਦਾਨ ਸਾਹਿਬ ਕਹਿਣ ਜੇ ਉਹ ਇਹ ਚਾਰ ਕਿਤਾਬਾਂ ਪੜ੍ਹ ਰਿਹਾ ਹੈ ਤਾਂ ਇਹਦਾ ਮਤਲਬ ਉਹ ਇਹ ਸੋਚ ਰਿਹਾ ਹੈ, ਪਰ ਫਲਾਣੀ ਕਿਤਾਬ ਬਾਰੇ ਮੈਨੂੰ ਨਹੀਂ ਪਤਾ। ਮੈਂ ਫਟਾਫਟ ਉਸੇ ਲਿਸਟ ਵਿੱਚੋਂ ਕੁੱਝ ਕਿਤਾਬਾਂ ਮੰਗਵਾਈਆਂ। ਕੁੱਝ ਦਿਨ ਅਸੀਂ ਕਿਤਾਬਾਂ ਦੀ ਫਰੋਲਾ ਫਰਾਲੀ ਕਰਦੇ ਰਹੇ। ਮੇਰੇ ਸਵਾਲ ਹੋਰ ਠੋਸ ਹੁੰਦੇ ਗਏ। ਅੰਤ ਮੁੱਖ ਸਕੱਤਰ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੇ ਮੇਰੇ ਫ਼ੋਨ ਲੈਣੇ ਬੰਦ ਕਰ ਦਿੱਤੇ।

ਮੈਂ ਬਹੁਤ ਸਾਲ ਦਿੱਲੀ ਵਿੱਚ ਸਹਾਫ਼ਤ ਕੀਤੀ ਸੀ, ਅਦਾਲਤ-ਏ-ਉਸਮਾ ਵਿੱਚ ਪੱਤਰਕਾਰੀ ਕਰਦੇ ਕੁੱਝ ਸੀਨੀਅਰ ਸਹਾਫ਼ੀਆਂ ਨੂੰ ਜਾਣਦਾ ਸਾਂ। ਉਹ ਮਦਦ ਕਰ ਰਹੇ ਸਨ, ਮੈਨੂੰ ਦੱਸ ਰਹੇ ਸਨ ਕਿ ਮੁੱਖ ਮੰਤਰੀ ਦਿੱਲੀ ਵਿੱਚ ਸੁਪਰੀਮ ਕੋਰਟ ਦੇ ਵੱਡੇ ਵਕੀਲ ਨੂੰ ਵਾਰ ਵਾਰ ਮਿਲ ਰਹੇ ਸਨ ਜਿਹੜਾ ਪਹਿਲਾਂ Solicitor-General ਅਤੇ ਫਿਰ ਦੋ ਵਾਰੀ ਦੇਸ਼ ਦਾ Attorney General ਰਹਿ ਚੁੱਕਿਆ ਸੀ। ਕੁੱਝ ਪੱਕ ਰਿਹਾ ਸੀ, ਕੁੱਝ ਤੰਦਾਂ ਸਾਡੀ ਸਮਝ ਆ ਰਹੀਆਂ ਸਨ, ਕੁੱਝ ਰਹੱਸ ਹਾਲੇ ਪਤਾ ਕਰਨ ਵਾਲੇ ਸਨ। ਅਸੀਂ ਹਰ ਰੋਜ਼ ਘੰਟਿਆਂ ਬੱਧੀ ਮਿਲ ਰਹੇ ਸਾਂ। ਜਦੋਂ ਬਹੁਤ ਸਾਰੇ ਸ਼ੰਕਿਆਂ ਪਿੱਛੇ ਦੀ ਹਕੀਕਤ ਪਰਤ ਦਰ ਪਰਤ ਖੁੱਲ੍ਹਦੀ ਗਈ ਤਾਂ ਮੈਂ ਖ਼ਬਰ ਨੂੰ ਤਹਿਰੀਰੀ ਰੂਪ ਦਿੱਤਾ। ਉਹਨਾਂ ਨੂੰ ਚਿੰਤਾ ਸੀ ਕਿ ਖ਼ਬਰ ਛਾਪਣ ਨਾਲ ਕਿੱਧਰੇ ਪੰਜਾਬ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਜਾਵੇਗਾ? ਇੱਕ ਪੂਰਾ ਦਿਨ, ਬਲਕਿ ਦੋ ਹਕੀਕਤ ਵਿੱਚ ਦੋ ਦਿਨ, ਖ਼ਬਰ ਸਿਰਫ਼ ਇਸ ਲਈ ਰੋਕ ਲਈ ਗਈ ਕਿਉਂਜੋ ਉਹਨਾਂ ਨੂੰ ਤੌਖ਼ਲਾ ਖਾਈ ਜਾ ਰਿਹਾ ਸੀ।

“ਜਦੋਂ ਛਪੇਗੀ ਤਾਂ ਪੰਜਾਬ ਸਰਕਾਰ ਦਾ ਪ੍ਰਤੀਕਰਮ ਕੀ ਹੋਵੇਗਾ?”
“ਹਰਿਆਣਾ ਕੀ ਆਖੇਗਾ?”
“ਕੇਂਦਰ ਸਰਕਾਰ ਕੀ ਪੈਂਤੜਾ ਲੈ ਸਕਦੀ ਹੈ?”
“ਤੇਰੀ ਅਖ਼ਬਾਰ ਕਿਹੜਾ ਪੰਜਾਬ ਦੀ ਬੜੀ ਸੱਕੀ ਹੈ, ਉਹ ਕੀ ਕਰਸੀ?”
“ਸੋਨੀਆ ਗਾਂਧੀ ਟੈਲੀਫੋਨ ਕਰੇਗੀ ਸੀ.ਐੱਮ, ਨੂੰ ਤਾਂ ਉਹ ਅੱਗੋਂ ਕੀ ਕਹੇਗਾ?”
“ਕਿਤੇ ਵੱਡੀ ਅਦਾਲਤ suo moto ਨੋਟਿਸ ਤਾਂ ਨਹੀਂ ਲੈ ਲਵੇਗੀ?”

ਮੈਂ ਉਹਨਾਂ ਨਾਲ ਬਹਿਸ ਕੀਤੀ ਕਿ ਪੱਤਰਕਾਰੀ ਦੇ ethics ਮੈਨੂੰ ਇਹ ਇਜਾਜ਼ਤ ਨਹੀਂ ਦੇਂਦੇ ਕਿ ਜਿਸ ਹੱਦ ਤਕ ਮੈਂ ਸੱਚ ਦਾ ਪਤਾ ਲਗਾ ਲਿਆ ਹੈ, ਹੁਣ ਖ਼ਬਰ ਰੋਕੀ ਜਾਵੇ। ਪਾਠਕਾਂ ਤੋਂ ਜਾਣਕਾਰੀ ਦਾ ਹੱਕ ਨਹੀਂ ਖੋਹਿਆ ਜਾ ਸਕਦਾ। ਕਹਿਣ ਲੱਗੇ, “ਵੇਖ, ਤੂੰ ਏਨੇ ਦਿਨਾਂ ਤੋਂ ਏਨੀ ਮਿਹਨਤ ਕਰ ਰਿਹਾ ਹੈਂ, ਖ਼ਬਰ ਤੇਰੀ ਪੁਖ਼ਤਾ ਹੈ, ਪਰ ਪੰਜਾਬ ਤੇਰਾ ਕੁੱਝ ਲੱਗਦਾ ਹੈ ਕਿ ਨਹੀਂ?”

ਇਹ ਤਾਂ ਅਜਬ ਦੁਬਿਧਾ ਵਾਲੀ ਗੱਲ ਸੀ। ਅਸੀਂ ਉਹ ਸਭ ਮਸੌਦਾ ਤਿਆਰ ਕਰ ਚੁੱਕੇ ਸਾਂ। ਹੁਣ ਤੱਕ ਮੈਂ Indian Express ਦੇ ਆਪਣੇ ਸੰਪਾਦਕ ਵਿਪਿਨ ਪੱਬੀ ਹੋਰਾਂ ਨੂੰ ਖ਼ਬਰ ਦੇ skeletal framework ਬਾਰੇ ਆਗਾਹ ਕਰ ਚੁੱਕਾ ਸਾਂ ਅਤੇ ਉਹ ਹਰ ਰੋਜ਼ ਪੁੱਛ ਰਹੇ ਸਨ। ਸਿਆਸਤ ਵਿੱਚ ਇੱਕ ਵੱਡਾ ਮੌੜ ਆਉਣ ਵਾਲਾ ਸੀ ਅਤੇ ਲੋਕਾਂ ਦਾ ਜਾਨਣਾ ਹੱਕ ਸੀ।

“ਮੈਨੂੰ ਇੱਕ ਸਵਾਲ ਪੁੱਛ,” ਉਹਨਾਂ ਮੈਨੂੰ ਕਿਹਾ। ਫਿਰ ਸਵਾਲ ਵੀ ਆਪ ਦੱਸਿਆ। “ਜੇ ਤੁਸੀਂ ਹਰਿਆਣਾ ਦੇ ਵਕੀਲ ਹੁੰਦੇ ਅਤੇ ਪੰਜਾਬ ਇੰਝ ਹੀ ਰਿਪੇਰੀਅਨ ਕਾਨੂੰਨ ਵਾਲਾ ਪੈਂਤੜਾ ਲੈਂਦਾ ਤਾਂ ਤੁਸੀਂ ਹਰਿਆਣਾ ਦੇ ਪਾਣੀਆਂ ਉੱਤੇ ਹੱਕ ਨੂੰ ਸਾਬਤ ਕਰਨ ਲਈ ਕੀ ਦਲੀਲ ਦੇਂਦੇ?” ਮੈਂ ਕਿਹਾ, “ਜੀ ਦੱਸੋ।” ਕਹਿਣ ਲੱਗੇ, “ਨਹੀਂ, ਪਹਿਲਾਂ ਤੂੰ ਸਵਾਲ ਪੁੱਛ।” ਆਪਣੀ ਪੁਗਾ ਕੇ ਰਹੇ। ਮੈਂ ਪੂਰਾ ਸਵਾਲ ਉਵੇਂ ਹੀ ਪੁੱਛਿਆ ਜਿਵੇਂ ਉਹਨਾਂ ਇਸਰਾਰ ਕੀਤਾ ਸੀ।

“ਜੇ ਤੁਸੀਂ ਹਰਿਆਣਾ ਦੇ ਵਕੀਲ ਹੁੰਦੇ ਅਤੇ ਪੰਜਾਬ ਇੰਝ ਹੀ ਰਿਪੇਰੀਅਨ ਕਾਨੂੰਨ ਵਾਲਾ ਪੈਂਤੜਾ ਲੈਂਦਾ ਤਾਂ ਤੁਸੀਂ ਹਰਿਆਣਾ ਦੇ ਪਾਣੀਆਂ ਉੱਤੇ ਹੱਕ ਨੂੰ ਸਾਬਤ ਕਰਨ ਲਈ ਕੀ ਦਲੀਲ ਦੇਂਦੇ?”

“ਦੇਖ ਐੱਸ ਪੀ ਸਿੰਘ ਕਾਕਾ, ਮੈਨੂੰ ਪਤਾ ਤਾਂ ਹੈ ਕਿ ਹਰਿਆਣਾ ਨੂੰ ਕੀ ਕਰਨਾ ਚਾਹੀਦਾ ਹੈ ਪਰ ਮੈਨੂੰ ਪੁੱਠਾ ਲਟਕਾ ਕੇ ਉੱਪਰ ਗਰਮ ਗਰਮ ਤੇਲ ਪਾ ਦੇਣਾ, ਮੈਂ ਤਾਂ ਵੀ ਕੋਈ ਦਲੀਲ ਹਰਿਆਣਾ ਵਾਲਿਆਂ ਨੂੰ ਨਹੀਂ ਦੱਸਣੀ ਕਿਉਂਕਿ ਪਾਣੀ ਪੰਜਾਬ ਦੇ ਹਨ ਅਤੇ ਮੈਂ ਮਰਦਾ ਮਰ ਜਾਵਾਂਗਾ ਪਰ ਉਹਨਾਂ ਦਾ ਵਕੀਲ ਨਹੀਂ ਬਣਾਂਗਾ।”

ਖ਼ਬਰ ਇੱਕ ਦਿਨ ਹੋਰ ਰੋਕ ਲਈ ਗਈ। ਅੰਤ ਦੇਰ ਸ਼ਾਮ ਉਹ ਮੰਨੇ ਕਿ ਹੁਣ ਕੋਈ ਨੁਕਸਾਨ ਨਹੀਂ ਹੋ ਸਕਦਾ। ਮੇਰੇ ਸੰਪਾਦਕ ਸਾਹਿਬ ਤਾਂ ਖ਼ਬਰ ਦਾ ਇੰਤਜ਼ਾਰ ਕਰ ਰਹੇ ਸਨ। ਪਹਿਲੇ ਪੰਨੇ ਉੱਤੇ ਹੰਗਾਮਾਖੇਜ਼ ਖ਼ਬਰ ਛਪੀ – ਫਲਾਣੀ ਤਰੀਕ ਨੂੰ ਏਨੇ ਵਜੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ, ਇਹ ਬਿੱਲ ਹੈ, ਬਿੱਲ ਦੀ ਮਨਸ਼ਾ ਇਹ ਹੈ, ਇਸ ਵਕੀਲ ਨੇ ਬਿੱਲ ਦਾ ਖਰੜਾ ਤਿਆਰ ਕੀਤਾ ਹੈ, ਬਿੱਲ ਦਾ ਸਿਰਨਾਵਾਂ ਇਹ ਹੈ, ਬਿੱਲ ਪਾਸ ਹੋਣ ਨਾਲ ਕੇਂਦਰ ਕੀ ਕਰ ਸਕਦਾ ਹੈ…ਵਗੈਰਾਹ ਵਗੈਰਾਹ। ਸਰਕਾਰੇ ਦਰਬਾਰੇ ਤਰਥੱਲੀ ਮੱਚ ਗਈ। ਕੁੱਝ ਹੀ ਘੰਟਿਆਂ ਵਿੱਚ ਸਰਕਾਰ ਦਾ ਪ੍ਰਤੀਕਰਮ ਆ ਗਿਆ – ਸਭ ਕੋਰਾ ਝੂਠ ਹੈ, ਕੋਈ ਐਸਾ ਬਿੱਲ ਨਹੀਂ। ਸਾਰੀਆਂ ਅਖ਼ਬਾਰਾਂ ਨੇ ਸਰਕਾਰੀ ਪ੍ਰੈਸ ਨੋਟ ਠੋਕ ਵਜਾ ਕੇ ਛਾਪਿਆ। ਇੱਕ ਹਿੰਦੀ ਦੀ ਅਖ਼ਬਾਰ ਨੇ ਸਾਡੀ ਅਖ਼ਬਾਰ ਦਾ ਨਾਮ ਵੀ ਪ੍ਰਕਾਸ਼ਿਤ ਕਰ ਕੇ ਲਿਖਿਆ ਕਿ ਇਹ “ਝੂਠੀ ਅਤੇ ਸਨਸਨੀਖੇਜ਼ ਖ਼ਬਰ” ਫਲਾਂ ਅਖ਼ਬਾਰ ਨੇ ਛਾਪੀ ਸੀ। ਅਗਲੇ ਦਿਨ ਅਸੀਂ ਇੱਕ ਹੋਰ ਖ਼ਬਰ ਛਾਪੀ ਕਿ ਸਰਕਾਰ ਨਵੇਂ ਕਾਨੂੰਨ ਨੂੰ ਛੱਡ The Northern India Canal and Drainage Act, 1873 ਦੀ ਫਰੋਲਾ ਫਰਾਲੀ ਵੀ ਕਰ ਰਹੀ ਹੈ। ਸ਼ਾਮ ਤੱਕ ਕੁਮੇਦਾਨ ਸਾਹਿਬ ਮੇਰੇ ਲਈ The Punjab Minor Canals Act, 1905 ਦਾ ਖਰੜਾ ਵੀ ਕੱਢੀ ਬੈਠੇ ਸਨ। ਕਹਿਣ ਲੱਗੇ, “ਇਹਦੇ ਨਾਲ ਗੱਲ ਨਹੀਂ ਬਣਨੀ।” ਜੀਤ ਮਹਿੰਦਰ ਸਿੰਘ ਸਿੱਧੂ ਇਸੇ Drainage Act ਬਾਰੇ ਗੱਲ ਕਰ ਰਿਹਾ ਸੀ। ਅਸੀਂ ਛੇਤੀ ਸਮਝ ਗਏ, ਸਭ ਕੁੱਝ ਭੁਲੇਖਾ ਪਾਊ ਸੀ।

ਹੁਣ ਹਰ ਰੋਜ਼ ਖ਼ਬਰ ਛਪਣ ਲੱਗੀ। ਮਾਮਲਾ ਭੱਖ ਰਿਹਾ ਸੀ। ਹੋਰ ਕਿਸੇ ਵੀ ਅਖ਼ਬਾਰ ਕੋਲ ਖ਼ਬਰ ਨਹੀਂ ਸੀ। ਅੰਤ ਸਰਕਾਰ ਨੇ ਸਪੈਸ਼ਲ ਸੈਸ਼ਨ ਦਾ ਐਲਾਨ ਕੀਤਾ। ਉਹੀ ਬਿੱਲ, ਉਹੀ ਮਨਸ਼ਾ, ਉਹੀ ਤਰੀਕ ਅਤੇ ਉਹੀ ਦੁਪਹਿਰ 2 ਵਜੇ ਦਾ ਵਕਤ। “ਝੂਠੀ ਅਤੇ ਸਨਸਨੀਖੇਜ਼ ਖ਼ਬਰ” ਦਾ ਨਾਮ ਹੁਣ The Punjab Termination of Agreement Act, 2004 ਸੀ। ਹਫ਼ਤਾ ਭਰ ਛਪਦੀਆਂ ਰਹੀਆਂ ਮੇਰੀਆਂ ਖ਼ਬਰਾਂ ਬਾਰੇ ਇੱਕ ਲਿਖਤ ਅਲੱਗ ਛਪੀ। ਕੇਂਦਰ ਵਿੱਚ ਹੰਗਾਮਾ ਹੋ ਗਿਆ। ਮੁੱਖਮੰਤਰੀ ਕਹੇ ਕਿ ਸੋਨੀਆ ਗਾਂਧੀ ਨੇ ਮੇਰੇ ਨਾਲ ਬੋਲਚਾਲ ਵੀ ਛੱਡ ਦਿੱਤਾ ਹੈ। Vipin Pubby ਹੋਰਾਂ ਨੇ ਮੈਨੂੰ ਫ਼ੋਨ ਕੀਤਾ ਕਿ ਅਗਲੇ ਦਿਨ ਛਪਣ ਵਾਲੇ ਸ਼ੇਖਰ ਗੁਪਤਾ ਦੇ National Interest ਕਾਲਮ ਵਿੱਚ ਤੇਰਾ ਤਫ਼ਸੀਲੀ ਜ਼ਿਕਰ ਹੈ। ਅਗਲੇ ਦਿਨ ਮੈਂ Pubby ਹੋਰਾਂ ਨਾਲ ਗੱਲ ਕੀਤੀ ਕਿ ਪ੍ਰੀਤਮ ਸਿੰਘ ਕੁਮੇਦਾਨ ਹੋਰਾਂ ਦੇ ਖੁਲ੍ਹਦਿਲੀ ਨਾਲ ਦਿੱਤੇ ਸਮੇਂ ਅਤੇ ਬਹੁਤ ਸਾਰੀਆਂ ਪੇਚੀਦਗੀਆਂ ਦੀ ਨਿਸ਼ਾਨਦੇਹੀ ਤੋਂ ਬਿਨ੍ਹਾਂ ਇਹ ਸਭ ਮੁਮਕਿਨ ਨਹੀਂ ਸੀ। Pubby said, “We should do a feature about him. Let’s write about all his efforts. Showcase him on the front page.” ਅਗਲੇ ਦਿਨ ਕੁਮੇਦਾਨ ਸਾਹਿਬ ਦੀ ਵੱਟ ਕੱਢ ਕੇ ਪਾਈ ਗੰਢ ਵਾਲੀ ਟਾਈ ਵਾਲੀ ਫੋਟੋ ਸਮੇਤ ਉਹਨਾਂ ਬਾਰੇ ਇੱਕ ਵੱਡਾ ਮਜ਼ਮੂਨ ਅਖ਼ਬਾਰ ਨੇ ਛਾਪਿਆ ਤਾਂ ਦਿੱਲ ਨੂੰ ਤਸੱਲੀ ਹੋਈ। ਹੁਣ ਕਦੀ ਕਦੀ ਆਪਣੇ ਆਪ ਨੂੰ ਟੀਵੀ ਉੱਤੇ ਵੇਖਦਾ ਹਾਂ ਤਾਂ ਸੋਚਦਾ ਹਾਂ ਮੈਨੂੰ ਉਹਨਾਂ ਤੋਂ ਟਾਈ ਦੀ ਗੰਢ ਮਾਰਨੀ ਵੀ ਸਿੱਖ ਲੈਣੀ ਚਾਹੀਦੀ ਸੀ।

ਉਹਨਾਂ ਨਾਲ ਇੱਕ ਲੰਮਾ ਰਿਸ਼ਤਾ ਰਿਹਾ। ਬਾਕੀ ਸੁਹਿਰਦ ਸਹਾਫ਼ੀਆਂ ਵਾਂਗ ਬਹੁਤ ਕੁੱਝ ਸਿੱਖਿਆ, ਪਰ ਅੰਤ ਅੱਜ ਜਦੋਂ ਉਹ ਗਏ ਹਨ ਤਾਂ ਰਹਿ ਰਹਿ ਕੇ ਉਹਨਾਂ ਦੇ ਪੰਜਾਬ ਨਾਲ ਇਸ਼ਕ ਦੀ ਇੰਤਿਹਾ ਵਾਲਾ ਉਹ ਫ਼ਿਕਰਾ ਬੜਾ ਯਾਦ ਆਉਂਦਾ ਹੈ – “ਮੈਨੂੰ ਪੁੱਠਾ ਲਟਕਾ ਕੇ ਉੱਪਰ ਗਰਮ ਗਰਮ ਤੇਲ ਪਾ ਦੇਣਾ, ਮੈਂ ਤਾਂ ਵੀ ਕੋਈ ਦਲੀਲ … ਪਾਣੀ ਪੰਜਾਬ ਦੇ ਹਨ … ਮੈਂ ਮਰਦਾ ਮਰ ਜਾਵਾਂਗਾ ਪਰ ਉਹਨਾਂ ਦਾ ਵਕੀਲ ਨਹੀਂ ਬਣਾਂਗਾ।”

ਸਰਦਾਰ ਪ੍ਰੀਤਮ ਸਿੰਘ ਕੁਮੇਦਾਨ, ਪੰਜਾਬ ਹਸ਼ਰ ਤੀਕ ਤੇਰਾ ਰਿਣੀ ਰਹੇਗਾ।

 

Scroll to Top