Site icon TheUnmute.com

ਜਾਪਾਨ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ G-7 ਲਈ ਦਿੱਤਾ ਸੱਦਾ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ

Japan

ਚੰਡੀਗੜ੍ਹ, 20 ਮਾਰਚ 2023: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਜਾਪਾਨੀ (Japan) ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਸੰਸਾਰ ਲਈ ਭਾਰਤ-ਜਾਪਾਨ ਰਣਨੀਤਕ ਭਾਈਵਾਲੀ ਨੂੰ ਵਧਾਉਣ ਲਈ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਉਨ੍ਹਾਂ ਦੇ ਵਫ਼ਦ ਦਾ ਭਾਰਤ ਵਿੱਚ ਦਿਲੋਂ ਸਵਾਗਤ ਕਰਦਾ ਹਾਂ।

ਇਸ ਤੋਂ ਪਹਿਲਾਂ ਕਿਸ਼ਿਦਾ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਦੌਰੇ ਦਾ ਮਕਸਦ ਦੋਵੇਂ ਦੇਸ਼ਾਂ ਵਿਚਾਲੇ ”ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਪਾਰਟਨਰਸ਼ਿਪ” ਨੂੰ ਹੋਰ ਡੂੰਘਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਜਾਪਾਨ ਜੀ-7 ਦੀ ਪ੍ਰਧਾਨਗੀ ਕਰ ਰਿਹਾ ਹੈ ਜਦਕਿ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਸਵਾਲ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੁੰਦਾ ਹਾਂ ਕਿ ਜਪਾਨ (Japan) ਅਤੇ ਭਾਰਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਕੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਜੀ-7 ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ |

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਮੈਂ ਪਿਛਲੇ ਇੱਕ ਸਾਲ ਵਿੱਚ ਕਈ ਵਾਰ ਮਿਲੇ ਹਾਂ ਅਤੇ ਹਰ ਵਾਰ, ਮੈਂ ਭਾਰਤ-ਜਾਪਾਨ ਸਬੰਧਾਂ ਪ੍ਰਤੀ ਉਨ੍ਹਾਂ ਦੀ ਸਕਾਰਾਤਮਕਤਾ ਅਤੇ ਵਚਨਬੱਧਤਾ ਨੂੰ ਮਹਿਸੂਸ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਦੀ ਅੱਜ ਦੀ ਯਾਤਰਾ ਸਾਡੇ ਸਹਿਯੋਗ ਦੀ ਗਤੀ ਨੂੰ ਬਣਾਈ ਰੱਖਣ ਲਈ ਬਹੁਤ ਉਪਯੋਗੀ ਹੋਵੇਗੀ।

ਸਾਡੀ ਅੱਜ ਦੀ ਮੁਲਾਕਾਤ ਇਕ ਹੋਰ ਕਾਰਨ ਕਰਕੇ ਵੀ ਖਾਸ ਹੈ। ਇਸ ਸਾਲ ਭਾਰਤ ਜੀ20 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਜਾਪਾਨ ਜੀ7 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਇਸ ਲਈ ਇਹ ਸਾਡੀਆਂ ਸਬੰਧਤ ਤਰਜੀਹਾਂ ਅਤੇ ਹਿੱਤਾਂ ‘ਤੇ ਇਕੱਠੇ ਕੰਮ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ।

ਅੱਜ ਮੈਂ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਭਾਰਤ ਦੀ ਜੀ-20 ਪ੍ਰਧਾਨਗੀ ਦੀਆਂ ਤਰਜੀਹਾਂ ਬਾਰੇ ਦੱਸਿਆ। ਗਲੋਬਲ ਸਾਊਥ ਦੀਆਂ ਤਰਜੀਹਾਂ ਨੂੰ ਆਵਾਜ਼ ਦੇਣਾ ਸਾਡੀ ਜੀ-20 ਪ੍ਰੈਜ਼ੀਡੈਂਸੀ ਦਾ ਮਹੱਤਵਪੂਰਨ ਥੰਮ੍ਹ ਹੈ। “ਵਸੁਧੈਵ ਕੁਟੁੰਬਕਮ” ਵਿੱਚ ਵਿਸ਼ਵਾਸ ਰੱਖਣ ਵਾਲਾ ਸੱਭਿਆਚਾਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਲਈ ਅਸੀਂ ਇਹ ਪਹਿਲ ਕੀਤੀ ਹੈ।

 

Exit mobile version