ਚੰਡੀਗੜ੍ਹ 28 ਦਸੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ (Heeraben) ਦੀ ਸਿਹਤ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂਐਨ ਮਹਿਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਹੀਰਾਬੇਨ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈ ਅਤੇ ਉਹ ਅਜੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਸਾਲ ਜੂਨ ਮਹੀਨੇ ‘ਚ ਉਨ੍ਹਾਂ ਨੇ ਆਪਣਾ 100ਵਾਂ ਜਨਮਦਿਨ ਮਨਾਇਆ ਸੀ । ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਪੈਰ ਧੋ ਕੇ ਅਸ਼ੀਰਵਾਦ ਲਿਆ।
ਹੀਰਾਬੇਨ ਮੋਦੀ ਨੇ ਕੋਰੋਨਾ ਦੇ ਦੌਰ ‘ਚ ਵੈਕਸੀਨ ਲਵਾਈ ਜਦੋਂ ਲੋਕ ਇਸ ਨੂੰ ਲੈਣ ਤੋਂ ਡਰਦੇ ਸਨ। ਹੀਰਾਬੇਨ ਦੇ ਇਸ ਕਦਮ ਨੂੰ ਦੇਖ ਕੇ ਸਮਾਜ ਦੇ ਕਈ ਲੋਕ ਟੀਕਾ ਲਗਵਾਉਣ ਲਈ ਅੱਗੇ ਆਏ। ਇੰਨਾ ਹੀ ਨਹੀਂ ਉਹ ਪੋਲਿੰਗ ਸਟੇਸ਼ਨ ‘ਤੇ ਜਾ ਕੇ ਚੋਣਾਂ ‘ਚ ਵੋਟ ਵੀ ਪਾਉਂਦੀ ਹੈ। ਬੀਤੇ ਦਿਨ ਮੈਸੂਰ ਵਿੱਚ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ (Prahlad Modi) ਦੀ ਕਾਰ ਕਰਨਾਟਕ ਦੇ ਮੈਸੂਰ ‘ਚ ਹਾਦਸਾਗ੍ਰਸਤ ਹੋ ਗਈ ਸੀ, ਇਸ ਹਾਦਸੇ ਵਿੱਚ ਪ੍ਰਹਿਲਾਦ ਮੋਦੀ ਦੇ ਨਾਲ ਇਕ ਬੇਟਾ ਅਤੇ ਨੂੰਹ ਵੀ ਸਵਾਰ ਸਨ। ਤਿੰਨੋਂ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।