Site icon TheUnmute.com

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਉਚੇਚੀ ਇਕੱਤਰਤਾ ਦੀਆਂ ਤਿਆਰੀਆਂ ਮੁਕੰਮਲ: ਭਾਈ ਗੁਰਚਰਨ ਸਿੰਘ ਗਰੇਵਾਲ

ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 2 ਮਾਰਚ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਭਲਕੇ 3 ਮਾਰਚ ਨੂੰ ਸਮੁੱਚੇ ਮੈਂਬਰਾਂ ਦੀ ਸੱਦੀ ਉਚੇਚੀ ਇਕੱਤਰਤਾ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਹ ਜਨਰਲ ਇਕੱਤਰਤਾ ਹਰਿਆਣਾ ਸਰਕਾਰ ਦੁਆਰਾ ਨਾਮਜ਼ਦ ਕੀਤੀ ਗਈ ਐਡਹਾਕ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਿਆਂ ਦਾ ਪ੍ਰਬੰਧ ਜਬਰੀ ਹਥਿਆਉਣ ਅਤੇ ਗੁਰ-ਮਰਯਾਦਾ ਦੇ ਕੀਤੇ ਉਲੰਘਣ ਨੂੰ ਲੈ ਕੇ ਬੁਲਾਈ ਗਈ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸਮੇਤ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੂੰ ਸੱਦਾ ਭੇਜਿਆ ਗਿਆ ਹੈ। ਜਨਰਲ ਇਕੱਤਰਤਾ ਦੁਪਹਿਰ 1:00 ਵਜੇ ਇਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗੀ।

ਇਸ ਬਾਰੇ ਅੱਜ ਇਥੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੰਡਤ ਕਰਨ ਦੀਆਂ ਸਰਕਾਰੀ ਚਾਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇਹ ਜਨਰਲ ਇਕੱਤਰਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੰਤ੍ਰਿੰਗ ਕਮੇਟੀ ਦੇ ਫੈਸਲੇ ਮੁਤਾਬਿਕ ਬੁਲਾਈ ਗਈ ਹੈ, ਜਿਸ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਇਕੱਤਰਤਾ ਨੂੰ ਬੁਲਾਉਣ ਦਾ ਮੰਤਵ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਪਾਸੋਂ ਜਬਰੀ ਹਥਿਆਉਣ ਨੂੰ ਲੈ ਕੇ ਕਾਰਵਾਈ ਵਾਸਤੇ ਸਾਂਝੀ ਰਾਇ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਣੇ ਹਲਕੇ ਦੀਆਂ ਵੱਡੀ ਗਿਣਤੀ ਸੰਗਤਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਪੂਰੇ ਹਾਊਸ ਦੇ ਮੈਂਬਰ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਨਾਲ-ਨਾਲ ਨਾਮਜ਼ਦ ਮੈਂਬਰਾਂ ਵਜੋਂ ਪੂਰੇ ਭਾਰਤ ਦੀਆਂ ਸੰਗਤਾਂ ਦੀ ਅਵਾਜ਼ ਹਨ। ਜਨਰਲ ਇਕੱਤਰਤਾ ਦੌਰਾਨ ਮੈਂਬਰਾਂ ਦੀ ਰਾਇ ਜਾਣੀ ਜਾਵੇਗੀ, ਤਾਂ ਜੋ ਘੱਟਗਿਣਤੀ ਸਿੱਖਾਂ ਨਾਲ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਧੱਕੇ ਖਿਲਾਫ ਸਮੂਹਕ ਤੌਰ ’ਤੇ ਅਵਾਜ਼ ਬੁਲੰਦ ਕੀਤੀ ਜਾ ਸਕੇ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਜਨਰਲ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਮਾਣਯੋਗ ਜਥੇਦਾਰ ਸਾਹਿਬਾਨ, ਸਿੰਘ ਸਾਹਿਬਾਨ ਅਤੇ ਮੈਂਬਰਾਂ ਨੂੰ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ।

Exit mobile version