Bhagat Singh Zindabad Conference

ਬਰਨਾਲਾ ਵਿਖੇ ਸ਼ਹੀਦ “ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ” ਦੀਆਂ ਤਿਆਰੀਆਂ ਮੁਕੰਮਲ: BKU ਉਗਰਾਹਾਂ

ਬਰਨਾਲਾ 26 ਸਤੰਬਰ 2022: ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਤਰਕਸ਼ੀਲ਼ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ 28 ਸਤੰਬਰ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ “ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ” ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਇਸ ਕਾਨਫਰੰਸ ‘ਚ ਭਾਰੀ ਗਿਣਤੀ ਔਰਤਾਂ ਸਮੇਤ ਦਹਿ ਹਜ਼ਾਰਾਂ ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰ, ਨੌਜਵਾਨ, ਵਿਦਿਆਰਥੀ,ਮੁਲਾਜ਼ਮ, ਠੇਕਾ ਕਾਮੇ, ਸਾਬਕਾ ਫੌਜੀ ਆਦਿ ਕਿਰਤੀ ਲੋਕ ਵੀ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡਿਆਂ ਥੱਲੇ ਵੱਡੇ ਪੱਧਰ ‘ਤੇ ਸ਼ਾਮਲ ਹੋਣਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਭਾਵੇਂ ਸ਼ਹੀਦੇ ਆਜ਼ਮ ਭਗਤ ਸਿੰਘ (Saheed Bhagat Singh) ਲੋਕ-ਪੱਖੀ ਇਨਕਲਾਬੀ ਲਹਿਰਾਂ ਦੇ ਸਥਾਪਿਤ ਤੇ ਸਤਿਕਾਰਤ ਰਹਿਬਰ ਹਨ ਤੇ ਅਸੀਂ ਹਰ ਸਾਲ ਵੱਡੀ ਪੱਧਰ ‘ਤੇ ਉਨ੍ਹਾਂ ਦਾ ਜਨਮ ਦਿਨ ਮਨਾ ਕੇ ਲੋਕ ਲਹਿਰ ਦੇ ਕਦਮ ਵਧਾਰੇ ਲਈ ਉਹਨਾਂ ਦੇ ਇਨਕਲਾਬੀ ਵਿਚਾਰਾਂ ਅਤੇ ਲਾਸਾਨੀ ਕੁਰਬਾਨੀ ਤੋਂ ਪ੍ਰੇਰਨਾ ਤੇ ਮਾਰਗ ਦਰਸ਼ਨ ਲੈਂਦੇ ਹਾਂ।

ਪਰ ਇਸ ਵਾਰ ਉਹਨਾਂ ਦਾ ਜਨਮ ਦਿਨ ਹੋਰ ਵੀ ਵਿਸ਼ਾਲ ਪੱਧਰ ‘ਤੇ ਵੱਧ ਜੋਸ਼-ਖਰੋਸ਼ ਤੇ ਧੜੱਲੇ ਨਾਲ ਮਨਾਉਣ ਦੇ ਦੋ ਵਿਸ਼ੇਸ਼ ਪ੍ਰਸੰਗ ਹਨ। ਇੱਕ ਪਾਸੇ ਤਾਂ ਲੋਕਾਂ ਦੀ ਇਨਕਲਾਬੀ ਲਹਿਰ ਅੰਦਰ ਨਿੱਤ ਦਿਨ ਨਵੇਂ ਆ ਰਹੇ ਉਭਾਰ ਤੇ ਇਸ ਵਿੱਚ ਵੱਡੇ ਪ੍ਰੇਰਨਾ ਸਰੋਤ ਤੇ ਮਾਰਗ ਦਰਸ਼ਕ ਵਜੋਂ ਸ਼ਹੀਦ ਭਗਤ ਸਿੰਘ ਦੇ ਉੱਭਰ ਰਹੇ ਅਕਸ ਤੋਂ ਖਿਝੇ ਹੋਏ ਸਿਮਰਨਜੀਤ ਸਿੰਘ ਮਾਨ ਵਰਗੇ ਫਿਰਕਾਪ੍ਰਸਤ ਅਤੇ ਸਾਮਰਾਜਵਾਦ ਤੇ ਜਗੀਰਦਾਰੀ ਦੇ ਜੱਦੀ ਪੁਸ਼ਤੀ ਵਫ਼ਾਦਾਰ ਸ਼ਹੀਦ ਭਗਤ ਸਿੰਘ ਉਪਰ ਸਿੱਧੇ ਹਮਲੇ ਕਰਨ ‘ਤੇ ਉਤਾਰੂ ਹੋ ਗਏ ਹਨ।

ਉਹ ਉਸਨੂੰ ਨਾਂ ਸਿਰਫ਼ ਸ਼ਹੀਦ ਮੰਨਣ ਤੋਂ ਇਨਕਾਰੀ ਹੋਏ ਹਨ ਸਗੋਂ ਉਸਨੂੰ “ਆਰੀਆ ਸਮਾਜੀ ਹਿੰਦੂ ਰਾਸ਼ਟਰਵਾਦੀ” ਤੇ ਅਤੰਕਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਦੂਜੇ ਪਾਸੇ ਹਕੂਮਤੀ ਪਾਰਟੀ ਆਪ ਦੇ ਨਾਂ ਹੇਠ ਜੁੜੇ ਨਕਲੀ ਇਨਕਲਾਬੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸ਼ਾਂ ਨੂੰ ਕਤਲ ਕਰਨ ‘ਤੇ ਤੁਲੇ ਹੋਏ ਹਨ।

ਉਹ ਪੱਗ ਬਸੰਤੀ ਬੰਨ੍ਹਦੇ ਆ ਤੇ ਮੱਥਾ ਖਟਕੜਕਲਾਂ ਜਾ ਕੇ ਟੇਕਦੇ ਆ, ਪਰ ਦੇਸ਼ ਦੇ ਵਿਕਾਸ ਦਾ ਮਾਡਲ ਮਿਊਨਿਖ (ਜਰਮਨੀ) ਤੋਂ ਲੈਕੇ ਆਉਂਦੇ ਆ। ਯਾਨੀ ਨਾਹਰੇ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਦੇ ਲਾਉਂਦੇ ਹਨ ਪਰ ਲਾਗੂ ਉਹੀ ਕਾਰਪੋਰੇਟ ਮਾਡਲ ਕਰਦੇ ਹਨ, ਜਿਹੜਾ ਹੁਣ ਤਾਂਈਂ ਅਕਾਲੀ ਕਾਂਗਰਸੀ ਤੇ ਭਾਜਪਾਈ ਕਰਦੇ ਆ ਰਹੇ ਹਨ।

ਇਸ ਮੌਕੇ ਸੂਬਾ ਸਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਸ ਵਿਸ਼ਾਲ ਲੋਕ ਕਾਨਫਰੰਸ ਦਾ ਅਤੇ ਇਹਦੇ ਲਈ ਚੱਲੀ ਜਨਤਕ ਮੁਹਿੰਮ ਦਾ ਮਕਸਦ ਭਗਤ ਸਿੰਘ ਦੇ ਨਵੇਂ ਪੁਰਾਣੇ ਇਹਨਾਂ ਦੋਵੇਂ ਕਿਸਮ ਦੇ ਕਾਤਲਾਂ ਦਾ ਪਰਦਾਫਾਸ਼ ਕਰਨਾ ਹੈ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਹਰ ਕਿਸਮ ਦੇ ਸਾਮਰਾਜ ਦੀ ਮੁਲਕ ਚੋਂ ਮੁਕੰਮਲ ਸਫ ਵਲ੍ਹੇਟਣ ਨਾਲ ਆਉਣਾ ਹੈ। ਸਹੀ ਅਰਥਾਂ ‘ਚ ਆਤਮ ਨਿਰਭਰ ਤੇ ਅਜ਼ਾਦ ਵਿਕਾਸ ਦੇ ਰਾਹ ਚੱਲਿਆਂ ਆਉਣਾ ਹੈ।

ਸਾਮਰਾਜੀ ਪੂੰਜੀ ਤੇ ਤਕਨੀਕ ਦੀ ਥੋਕ ਦਰਾਮਦ ਕਰਨ ਰਾਹੀਂ ਜਾਂ ਸੰਸਾਰ ਬੈਂਕ ਦੇ ਕਰਜ਼ਿਆਂ ਦੇ ਜ਼ੋਰ ਨਹੀਂ ਆਉਣਾ ! ਜ਼ਮੀਨਾਂ ਤੇ ਸੰਦ ਸਾਧਨਾਂ ਦੀ ਨਿਆਈਂ ਵੰਡ ਖਾਤਰ ਖਰੇ ਤੇ ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਨ ਨਾਲ ਆਉਣਾ ਹੈ। ਜ਼ਮੀਨੀ ਸੁਧਾਰਾਂ ਤੇ ਜ਼ਮੀਨੀ ਹੱਦਬੰਦੀ ਦੀ ਸਫ ਵਲ੍ਹੇਟ ਕੇ ਲੱਖਾਂ ਏਕੜ ਜ਼ਮੀਨ ਅੰਬਾਨੀਆਂ ਅੰਡਾਨੀਆਂ ਨੂੰ ਮੁਫ਼ਤ ਜਾਂ ਕੌਡੀਆਂ ਦੇ ਭਾਅ ਦੇਣ ਨਾਲ ਨਹੀਂ ਆਉਣਾ ! ਰੱਤ ਚੂਸ ਸੂਦਖੋਰੀ ਦੇ ਮੁਕੰਮਲ ਖਾਤਮੇ ਨਾਲ਼ ਆਉਣਾ ਹੈ।

ਕੁੱਝ ਹਜ਼ਾਰਾਂ ਜਾਂ ਲੱਖਾਂ ਰੁਪਏ ਦੇ ਕਰਜ਼ੇ ਬਦਲੇ ਕਿਸਾਨਾਂ ਮਜ਼ਦੂਰਾਂ ਨੂੰ ਜੇਲ੍ਹੀਂ ਤੁੰਨਣ ਜਾਂ ਉਹਨਾਂ ਦੀਆਂ ਜ਼ਮੀਨਾਂ/ ਘਰ ਕੁਰਕ-ਨਿਲਾਮ ਕਰਨ ਤੇ ਕਾਰਪੋਰੇਟਾਂ ਦੇ ਅਰਬਾਂ ਖਰਬਾਂ ਰੁਪਏ ਦੇ ਕਰਜ਼ੇ ਵੱਟੇ ਖ਼ਾਤੇ ਪਾਉਣ ਦੇ ਦਸਤੂਰ ਨਾਲ਼ ਨਹੀਂ ਆਉਣਾ ! ਇਹ ਜਾਤਾਂ ਧਰਮਾਂ ਨਸਲਾਂ ਤੇ ਲਿੰਗ ਆਧਾਰਿਤ ਵਿਤਕਰਿਆਂ ਦੇ ਮੁਕੰਮਲ ਖਾਤਮੇ ਨਾਲ਼ ਆਉਣਾ ਹੈ, ਮੁਫ਼ਤ ਬੱਸ ਸਫ਼ਰ ਵਰਗੀਆਂ ਤੁੱਛ ਸਹੂਲਤਾਂ ਜਾਂ ਹਜ਼ਾਰ ਰੁਪਏ ਮਹੀਨਾ ਦੀ ਖੈਰਾਤ ਦੇਣ ਵਰਗੇ ਲਾਰਿਆਂ ਨਾਲ ਨਹੀਂ ਆਉਣਾ ! ਜੰਮੂ ਕਸ਼ਮੀਰ ਤੇ ਉੱਤਰ ਪੂਰਬੀ ਖਿੱਤੇ ਦੀਆਂ ਕੌਮਾਂ ਨੂੰ ਆਤਮ ਨਿਰਣੇ ਦਾ ਹੱਕ ਦੇਣ ਨਾਲ ਆਉਣਾ ਹੈ, ਮੁਲਕ ਨੂੰ “ਕੌਮਾਂ ਦੀ ਜੇਲ੍ਹ” ‘ਚ ਬਦਲਣ ਨਾਲ ਨਹੀਂ ਆਉਣਾ। ਕਹਿਣ ਦਾ ਭਾਵ ਇਹ ਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਯਾਨੀ ਕਿਸਾਨਾਂ ਮਜ਼ਦੂਰਾਂ ਦੀ ਪੁੱਗਤ ਵਾਲਾ ਰਾਜ “95 ਫ਼ੀਸਦੀ ਜਨਤਾ ਦਾ ਰਾਜ”, ਸਮਾਜਿਕ ਬਰਾਬਰੀ ਤੇ ਨਿਆਂ ਵਾਲਾ ਰਾਜ, ਭਗਤ ਸਿੰਘ ਦੇ ਰਾਹ ਚੱਲਿਆਂ ਹੀ ਆਉਣਾ ਹੈ।

ਇਹ ਤਾਂ ਕਿਸਾਨਾਂ ਮਜ਼ਦੂਰਾਂ ਦੀਆਂ “ਇਨਕਲਾਬੀ ਫੌਜਾਂ ” ਨੂੰ ਲਾਮਬੰਦ ਕਰਨ,ਚੇਤਨ ਕਰਨ ਤੇ ਸਮਾਜ ਦੇ ਹੋਰ ਲੁੱਟੇ-ਪੁੱਟੇ ਹਿੱਸਿਆਂ ਨਾਲ਼ ਵਿਸ਼ਾਲ ਏਕਤਾ ਉਸਾਰਨ ਰਾਹੀਂ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ ਤੇ ਕਰੜੇ ਸੰਘਰਸ਼ਾਂ ਦੌਰਾਨ ਹੋਣ ਵਾਲੀਆਂ ਕੁਰਬਾਨੀਆਂ ਲਈ ਮਾਨਸਿਕ ਤੌਰ ‘ਤੇ ਤਿਆਰ ਹੋਣ ਨਾਲ ਆਉਣਾ ਹੈ। ਸ਼ਹੀਦ ਭਗਤ ਸਿੰਘ ਦੇ ਨਾਹਰੇ “ਸਾਮਰਾਜਵਾਦ ਮੁਰਦਾਬਾਦ” ਤੇ “ਇਨਕਲਾਬ ਜ਼ਿੰਦਾਬਾਦ” ਦਾ ਇਹੀ ਅਰਥ ਹੈ। ਇਸ ਮੌਕੇ ਸੂਬਾ ਆਗੂ ਰੂਪ ਸਿੰਘ ਛੰਨਾਂ ਵੀ ਮੌਜੂਦ ਸਨ।

Scroll to Top