Site icon TheUnmute.com

ਸ੍ਰੀ ਅਨੰਦਪੁਰ ਸਾਹਿਬ ‘ਚ ਕਤਲ ਹੋਏ ਪ੍ਰਦੀਪ ਸਿੰਘ ਨੂੰ ਐਲਾਨਿਆ ਜਾਵੇ ਸ਼ਹੀਦ: ਬਲਬੀਰ ਸਿੰਘ ਮੁੱਛਲ

ਬਲਬੀਰ ਸਿੰਘ ਮੁੱਛਲ

ਸ੍ਰੀ ਅਨੰਦਪੁਰ ਸਾਹਿਬ, 10 ਮਾਰਚ 2023: ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਝ ਨੌਜਵਾਨਾਂ ਨੇ ਨਿਹੰਗ ਸਿੰਘ ਨੌਜਵਾਨ ਪਰਦੀਪ ਸਿੰਘ ਦੀ ਕੁੱਟਮਾਰ ਕੀਤੀ, ਜਿਸਦੇ ਚੱਲਦਿਆਂ ਉਸਦੀ ਮੌਤ ਹੋ ਗਈ ਸੀ | ਇਸ ਮੁੱਦੇ ਨੂੰ ਲੈ ਕੇ ਸਤਿਕਾਰ ਕਮੇਟੀ ਪੰਜਾਬ ਵੱਲੋਂ ਅੱਜ ਇਕ ਪ੍ਰੈਸ ਵਾਰਤਾ ਕੀਤੀ ਗਈ |

ਇਸ ਦੌਰਾਨ ਮੁੱਖ ਆਗੂ ਬਲਬੀਰ ਸਿੰਘ ਮੁੱਛਲ ਵੱਲੋਂ ਇਸ ਸਾਰੀ ਘਟਨਾ ਪ੍ਰਸ਼ਾਸਨ ਮੁੱਖ ਤੌਰ ‘ਤੇ ਜਿੰਮੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਠਹਿਰਾਇਆ ਗਿਆ | ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਨੂੰ ਲੈ ਕੇ ਜਿੰਮੇਵਾਰੀ ਨਿਭਾਈ ਜਾਣੀ ਸੀ ਉਹ ਨਹੀਂ ਨਿਭਾਈ ਗਈ, ਜਿਸ ਦਾ ਨਤੀਜਾ ਇਹ ਵੇਖਣ ਨੂੰ ਮਿਲਿਆ ਹੈ |

ਉਨ੍ਹਾਂ ਕਿਹਾ ਕਿ ਬੀਤੀ 2 ਮਾਰਚ ਨੂੰ ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਇਲੈਕਟ੍ਰੋਨਿਕ ਸਾਈਟ ਦੇ ਉੱਤੇ ਐਸਐਸਪੀ ਰੂਪਨਗਰ ਅਤੇ ਡੀਸੀ ਰੂਪਨਗਰ ਦੇ ਨਾਮ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਮੇਲੇ ‘ਤੇ ਆਉਣ ਵਾਲੀ ਹੁਲੜਬਾਜ਼ੀ ਜਿਸ ਵਿਚ ਨੌਜਵਾਨਾਂ ਵੱਲੋਂ ਟਰੈਕਟਰਾਂ ਉੱਤੇ ਉੱਚੀ-ਉੱਚੀ ਡੀਜੇ ਲਗਾਂਦੇ ਅਤੇ ਅਨੰਦਪੁਰ ਸਾਹਿਬ ਦੇ ਰਾਹ ਤੇ ਵੇਖੇ ਭੰਗ ਅਤੇ ਹੋਰ ਨਸ਼ਿਆਂ ਦੀਆਂ ਦੁਕਾਨਾਂ ਨੂੰ ਵਰਜਿਤ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਸਿੱਖ ਨੌਜਵਾਨ ਪਰਦੀਪ ਸਿੰਘ ਪ੍ਰਿੰਸ ਦੀ ਕੁੱਟਮਾਰ ਦੀ ਵੀਡੀਓ ਵਿੱਚ ਪ੍ਰਸ਼ਾਸਨ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ ਹੈ |

ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਵੱਲੋਂ ਪਰਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ | ਭਾਈ ਮੁੱਛਲ ਨੇ ਕਿਹਾ ਕਿ ਉਹ ਪਰਦੀਪ ਸਿੰਘ ਪ੍ਰਿੰਸ ਦੇ ਘਰ ਜੋ ਕਿ ਗੁਰਦਾਸਪੁਰ ਵਿਖੇ ਹੋ ਕੇ ਆਏ ਹਨ, ਜਿੱਥੇ ਪਰਦੀਪ ਸਿੰਘ ਦੇ ਨਾਲ ਕੈਨੇਡਾ ਤੋਂ ਆਏ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕੁਝ ਲੜਕਿਆਂ ਵਲੋਂ ਲੜਕੀਆਂ ਦੇ ਨਾਲ ਛੇੜਖਾਨੀ ਕੀਤੀ ਜਾ ਰਹੀ ਸੀ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਪ੍ਰਦੀਪ ਸਿੰਘ ਵੱਲੋਂ ਕੀਤੀ ਗਈ ਅਤੇ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ |

ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਇਸ ਨੂੰ ਪ੍ਰਦੀਪ ਸਿੰਘ ਨੂੰ ਸ਼ਹੀਦ ਐਲਾਨਿਆ ਜਾਵੇ ਅਤੇ ਉਸ ਦੀ ਤਸਵੀਰ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਜਾਵੇ ਕਿਉਂਕਿ ਖ਼ਾਲਸਾ ਜਨਮ ਭੂਮੀ ਉੱਤੇ ਪ੍ਰਦੀਪ ਸਿੰਘ ਪ੍ਰਿੰਸ ਵੱਲੋਂ ਕੁਰੀਤੀਆਂ ਦੇ ਨਾਲ ਲੜਦੇ ਹੋਏ ਆਪਣੀ ਜਾਨ ਗਵਾ ਦਿੱਤੀ ਹੈ | ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਨੇ ਕਿਹਾ ਕਿ ਬੀਤੇ ਕੱਲ੍ਹ ਜੋ ਭਾਈ ਮਨਜੀਤ ਸਿੰਘ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁੱਲੜਬਾਜ਼ੀ ਨੂੰ ਰੋਕਣ ਲਈ ਮੰਗ ਪੱਤਰ ਦਿੱਤਾ ਗਿਆ ਹੈ |

ਅਜਿਹੇ ਮੰਗ-ਪੱਤਰ ਉਹ ਕਈ ਵਾਰ ਪ੍ਰਸ਼ਾਸਨ ਅਤੇ ਤਖਤ ਸਾਹਿਬਾਨ ‘ਤੇ ਦੇ ਚੁੱਕੇ ਹਨ ਪਰ ਨਾ ਪ੍ਰਸ਼ਾਸਨ ਵੱਲੋਂ ਅਤੇ ਨਾ ਹੀ ਜਥੇਦਾਰ ਸਾਹਿਬਾਨ ਵੱਲੋਂ ਗੰਭੀਰ ਮੁੱਦੇ ‘ਤੇ ਕੋਈ ਐਕਸ਼ਨ ਲਿਆ ਗਿਆ ਹੈ | ਕਈ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁੱਲੜਬਾਜ਼ੀ ਦੇ ਖ਼ਿਲਾਫ਼ ਹੁਕਮਨਾਮੇ ਜਾਰੀ ਹੋਏ ਹਨ, ਜਿਸ ਦੀ ਮੁੱਢਲੀ ਡਿਊਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ ਜਿਸ ਨੂੰ ਨਿਭਾਉਣ ਵਿੱਚ ਕਮੇਟੀ ਨਾਕਾਮ ਰਹੀ ਹੈ |

Exit mobile version