Harbhajan Singh ETO

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਆਗਾਮੀ ਝੋਨਾ ਸੀਜਨ ਲਈ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ 13 ਮਈ 2022: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Singh ETO) ਨੇ ਅੱਜ ਆਗਾਮੀ ਝੋਨੇ ਦੇ ਸੀਜਨ ਦੌਰਾਨ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੀ.ਐਸ.ਪੀ.ਸੀ.ਐਲ. ਦੇ ਸਾਰੇ ਵਸੀਲਿਆਂ ਤੋਂ ਵੱਧ ਤੋਂ ਵੱਧ ਬਿਜਲੀ ਉਤਪਾਦਨ ਕਰਨ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ ਬਿਜਲੀ ਦੀ ਨਿਯਮਤ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਉਨਾਂ ਝੋਨੇ ਦੇ ਸੀਜਨ ਦੌਰਾਨ ਨਿਰਧਾਰਤ ਬਿਜਲੀ ਸਪਲਾਈ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਸੀਜਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨੂੰ ਦੇਣ ਲਈ ਲੋੜੀਂਦੇ ਠੋਸ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਜੋ ਕਿਸਾਨਾਂ ਨੂੰ ਨਿਰਧਾਰਤ ਸਮਾਂ ਸੀਮਾ ਅਨੁਸਾਰ ਬਿਜਲੀ ਸਪਲਾਈ ਦਿੱਤੀ ਜਾ ਸਕੇ।

ਹਰਭਜਨ ਸਿੰਘ ਈ.ਟੀ.ਓ (Harbhajan Singh ETO) ਨੇ ਵਿਭਾਗ ਦੇ ਪ੍ਰਮੁੱਖ ਸਕੱਤਰ  ਤੇਜਵੀਰ ਸਿੰਘ, ਸੀ.ਐਮ.ਡੀ., ਪੀ.ਐਸ.ਪੀ.ਸੀ.ਐਲ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਵੰਡ ਸ. ਡੀ.ਪੀ.ਐਸ. ਗਰੇਵਾਲ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਆਗਾਮੀ ਝੋਨੇ ਦੇ ਸੀਜਨ ਲਈ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਸੰਬੰਧੀ ਜਾਣਕਾਰੀ ਲਈ ਅਤੇ ਵਿਚਾਰ ਵਟਾਂਦਰਾ ਕੀਤਾ। ਉਨਾਂ ਨੇ ਪੀ.ਐਸ.ਪੀ.ਸੀ.ਐਲ. ਨੂੰ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮੈਨਪਾਵਰ ਨੂੰ ਵਧਾਉਣ ਅਤੇ ਓਵਰਲੋਡ ਗਰਿੱਡਾਂ, ਲਾਈਨਾਂ ਅਤੇ ਟਰਾਂਸਫਾਰਮਰਾਂ ਨੂੰ ਡੀਲੋਡ ਕਰਨ ਦੇ ਨਿਰਦੇਸ਼ ਦਿੱਤੇ।

ਮੰਤਰੀ ਨੇ ਪੀ.ਐਸ.ਪੀ.ਸੀ.ਐਲ. (PSPCL) ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੁਆਰਾ ਨੋਟੀਫਾਈ ਕੀਤੇ ਗਏ ਕਾਰਜਕ੍ਰਮ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਸੈਕਟਰ ਨੂੰ ਬਿਜਲੀ ਦੀ ਨਿਯਮਤ ਸਪਲਾਈ ਯਕੀਨੀ ਬਣਾਉਣ। ਉਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਹ ਪ੍ਰਣਾਲੀ ਨੂੰ ਅਪਣਾ ਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਹਿਯੋਗ ਕਰਨ ਅਤੇ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਦਾ ਲਾਭ ਲੈਣ।

ਬਿਜਲੀ ਮੰਤਰੀ ਨੇ ਸੂਬੇ ਵਿੱਚ ਬਿਜਲੀ ਚੋਰੀ ਦੀ ਸਮੱਸਿਆ ਨੂੰ ਕਾਬੂ ਕਰਨ ਲਈ ਹਦਾਇਤਾਂ ਦਿੱਤੀਆਂ। ਉਨਾਂ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਖਪਤਕਾਰਾਂ ਦੀਆਂ ਸਾਰੀਆਂ ਸ੍ਰੇਣੀਆਂ ਨੂੰ ਨਿਯਮਤ ਅਤੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਆਪਣੇ ਯਤਨਾਂ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ।

Scroll to Top