ਚੰਡੀਗੜ੍ਹ, 31 ਅਗਸਤ 2024: ਪੰਜਾਬ ‘ਚ ਅੱਜ 1 ਤੋਂ 30 ਸਤੰਬਰ 2024 ਤੱਕ ਪੋਸ਼ਣ ਮਾਹ (Poshan month) ਦੌਰਾਨ ‘ਇੱਕ ਪੌਦਾ ਆਪਣੀ ਮਾਂ ਦੇ ਨਾਮ’ ਤੇ ਲਗਾਉਣ ਦੀ ਮੁਹਿੰਮ ਸ਼ੁਰੂਆਤ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਹੈ |
ਇਸ ਮੁਹਿੰਮ ਦਾ ਮਸਕਦ ਕਸਰਤ ਅਤੇ ਵਾਤਾਵਰਣ ਸੁਧਾਰ ਦੇ ਨਾਲ-ਨਾਲ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਅਨੀਮੀਆ ਅਤੇ ਢੁਕਵੀਂ ਸਾਫ-ਸਫਾਈ ਬਾਰੇ ਜਾਗਰੂਕਤਾ ਫੈਲਾਉਣ ‘ਤੇ ਧਿਆਨ ਦੇਣਾ ਹੈ |
ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਦੁਆਰਾ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ (Poshan month) ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਸੰਕਲਪ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ | ਉਨ੍ਹਾਂ ਕਿਹਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਪੂਰੀ ਮਨੁੱਖਤਾ ਲਈ ਇਕ ਵੱਡੀ ਚੁਣੌਤੀ ਹੈ | ਇਸ ਲਈ ਅੱਜ ਲੋੜ ਹੈ ਕਿ ਜਿਆਦਾ ਤੋਂ ਜਿਆਦਾ ਰੁੱਖ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇ |
ਮੰਤਰੀ ਨੇ ਦੱਸਿਆ ਕਿ ‘ਇੱਕ ਪੌਦਾ ਆਪਣੀ ਮਾਂ ਦੇ ਨਾਮ’ ਦੀ ਮੁਹਿੰਮ ਸਿਰਫ ਸਰਕਾਰੀ ਉਪਰਾਲਾ ਨਹੀਂ, ਇਸ ਨੂੰ ਲੋਕ ਲਹਿਰ ‘ਚ ਬਦਲਣ ਲਈ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਾ ਸਟਾਫ ਆਂਗਣਵਾੜੀ ਵਰਕਰਾਂ, ਹੈਲਪਰਾਂ, ਸੁਪਰਵਾਈਜ਼ਰਾਂ ਅਤੇ ਸੀਡੀਪੀਓਜ਼ ਵੱਲੋਂ ਐਨ.ਜੀ.ਓਜ਼, ਆਸ਼ਾ ਵਰਕਰਾਂ, ਏਐਨਐਮਜ਼, ਖੇਤੀਬਾੜੀ ਸਭਾਵਾਂ, ਸਹਿਕਾਰੀ ਸਭਾਵਾਂ, ਸਵੈ-ਸਹਾਇਤਾ ਸਮੂਹਾਂ, ਯੂਥ ਕਲੱਬਾਂ ਆਦਿ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।