July 4, 2024 11:47 pm
Kapurthala

ਕਪੂਰਥਲਾ ਦੇ ਨਿਜ਼ਾਮਪੁਰ ‘ਚ ਮਾਰੇ ਗਏ ਨੌਜਵਾਨ ਦਾ ਪੁਲਸ ਅੱਜ ਕਰਵਾਵੇਗੀ ਪੋਸਟਮਾਰਟਮ

ਕਪੂਰਥਲਾ 23 ਦਸੰਬਰ 2021 : ਪੰਜਾਬ ਦੇ ਕਪੂਰਥਲਾ (Kapurthala)ਸ਼ਹਿਰ ਦੇ ਨਿਜ਼ਾਮਪੁਰ ‘ਚ ਮੌਬ ਲਿੰਚਿੰਗ ‘ਚ ਮਾਰੇ ਗਏ ਨੌਜਵਾਨ ਦਾ ਪੁਲਸ ਅੱਜ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਵੇਗੀ। ਨੌਜਵਾਨ ਦੀ ਲਾਸ਼ ਨੂੰ ਪੁਲਸ ਨੇ 72 ਘੰਟਿਆਂ ਲਈ ਸਿਵਲ ਹਸਪਤਾਲ ‘ਚ ਰਖਵਾਇਆ ਸੀ, ਤਾਂ ਕਿ ਜੇਕਰ ਕੋਈ ਉਸ ਨੂੰ ਪਛਾਣਦਾ ਹੈ ਤਾਂ ਉਸ ਨੂੰ ਉਥੋਂ ਲਿਜਾਇਆ ਜਾ ਸਕੇ ਪਰ ਅਜੇ ਤੱਕ ਕਿਸੇ ਨੇ ਵੀ ਮ੍ਰਿਤਕ ਦੀ ਪਛਾਣ ਨਹੀਂ ਕੀਤੀ।
ਹੁਣ ਪੁਲਸ ਵੱਲੋਂ 72 ਘੰਟਿਆਂ ਦੀ ਜੋ ਵਿਧੀ ਅਪਣਾਈ ਗਈ ਸੀ, ਉਸ ਦੀ ਮਿਆਦ ਵੀ ਕੱਲ੍ਹ ਖ਼ਤਮ ਹੋ ਗਈ ਹੈ। ਪੁਲਸ ਅੱਜ ਨੌਜਵਾਨ ਦਾ ਪੋਸਟਮਾਰਟਮ (postmortem) ਕਰਵਾ ਕੇ ਮੌਤ ਦੇ ਕਾਰਨਾਂ ਦੀ ਜਾਂਚ ਕਰੇਗੀ। ਜ਼ਿਕਰਯੋਗ ਹੈ ਕਿ ਨਿਜ਼ਾਮਪੁਰ ਗੁਰਦੁਆਰੇ ‘ਚ ਨੌਜਵਾਨ ਨੂੰ ਬੇਅਦਬੀ ਦੇ ਸ਼ੱਕ ‘ਚ ਫੜਿਆ ਗਿਆ ਸੀ ਅਤੇ ਉਥੇ ਇਕੱਠੇ ਹੋਏ ਲੋਕਾਂ ਨੇ ਨੌਜਵਾਨ ਦੇ ਸਰੀਰ ‘ਤੇ ਕਈ ਵਾਰ ਤਲਵਾਰਾਂ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਦੱਸਦਈਏ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਸ ਕਤਲ ਦਾ ਮਾਮਲਾ ਵੀ ਦਰਜ ਕਰ ਸਕਦੀ ਹੈ ਜੇਕਰ ਨੌਜਵਾਨ ਦੀ ਹੱਤਿਆ ਗੁੱਸੇ ‘ਚ ਆਈ ਭੀੜ ਨੇ ਕੀਤੀ ਹੈ। ਪੁਲਸ ਕਤਲ ਤੋਂ ਬਾਅਦ ਵਾਇਰਲ ਹੋਈ ਵੀਡੀਓ ਅਤੇ ਜਿਸ ਇਲਾਕੇ ‘ਚ ਇਹ ਵੀਡੀਓ ਬਣੀ ਹੈ, ਉਸ ਇਲਾਕੇ ਦੇ ਘਰਾਂ ਅਤੇ ਹੋਰ ਅਦਾਰਿਆਂ ਦੀ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ, ਤਾਂ ਜੋ ਸਬੂਤਾਂ ਦੇ ਆਧਾਰ ’ਤੇ ਕਤਲ ਦੇ ਕੇਸ ਨੂੰ ਹੋਰ ਮਜ਼ਬੂਤ ​​ਕੀਤਾ ਜਾ ਸਕੇ।
ਫਿਲਹਾਲ ਪੁਲਸ ਨੇ ਗੁਰਦੁਆਰੇ ਦੇ ਗ੍ਰੰਥੀ ਦੇ ਬਿਆਨਾਂ ‘ਤੇ 295ਏ (ਅਪਮਾਨਜਨਕ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ) ਦਾ ਮਾਮਲਾ ਦਰਜ ਕਰ ਲਿਆ ਹੈ ਪਰ ਜਲਦ ਹੀ ਪੁਲਸ ਹੁਣ ਕਤਲ ਦਾ ਵੀ ਮਾਮਲਾ ਦਰਜ ਕਰ ਸਕਦੀ ਹੈ।
ਅੱਜ ਪੋਸਟਮਾਰਟਮ ਕੀਤਾ ਜਾਵੇਗਾ
ਕਪੂਰਥਲਾ ਦੇ ਡੀਐਸਪੀ ਸੁਰਿੰਦਰ ਸਿੰਘ ਜੋ ਕਿ ਪਹਿਲੇ ਦਿਨ ਤੋਂ ਜਾਂਚ ਵਿੱਚ ਜੁਟੇ ਹੋਏ ਹਨ, ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ‘ਚ ਰਖਵਾਇਆ ਸੀ, ਤਾਂ ਜੋ ਨੌਜਵਾਨ ਦੇ ਖੂਨ ਦੇ ਰਿਸ਼ਤੇ ‘ਚੋਂ ਜੇਕਰ ਕਿਸੇ ਨੂੰ ਪਤਾ ਲੱਗੇ ਤਾਂ ਉਹ ਉਸ ਨੂੰ ਲੈ ਜਾਵੇ। ਪੁਲਸ ਵਿਭਾਗ ਨੇ ਮ੍ਰਿਤਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕਰ ਦਿੱਤੀਆਂ ਸਨ ਪਰ ਕਿਸੇ ਨੇ ਵੀ ਕੋਈ ਸਹਿਮਤੀ ਨਹੀਂ ਦਿੱਤੀ।