ਚੰਡੀਗੜ੍ਹ 29 ਨਵੰਬਰ 2022:ਅਸਾਮ-ਮੇਘਾਲਿਆ ਸਰਹੱਦ ‘ਤੇ ਗੋਲੀਬਾਰੀ ਦੀ ਘਟਨਾ ‘ਚ ਛੇ ਜਣਿਆਂ ਦੇ ਮਾਰੇ ਜਾਣ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਸੀ। ਦੋਵੇਂ ਸੂਬਿਆਂ ਦੇ ਬਾਰਡਰ ‘ਤੇ ਗੱਡੀਆਂ ਲੰਘਣ ਤੋਂ ਡਰਦੇ ਸਨ। ਪਰ ਹੁਣ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (CM Himanata Biswa Sarma) ਨੇ ਇਸ ਮਾਮਲੇ ‘ਤੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜਨਤਾ ‘ਤੇ ਗੋਲੀ ਨਹੀਂ ਚਲਾਉਣੀ ਚਾਹੀਦੀ।
ਇਸ ਘਟਨਾ ਨਾਲ ਅਸਾਮ ਅਤੇ ਮੇਘਾਲਿਆ ਦੇ ਸਬੰਧਾਂ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਦੋਵੇਂ ਰਾਜਾਂ ਵਿਚਕਾਰ ਵਾਹਨ ਚੱਲ ਰਹੇ ਹਨ। ਅਸਾਮ-ਮੇਘਾਲਿਆ ਸਰਹੱਦ ‘ਤੇ ਮੰਗਲਵਾਰ ਸਵੇਰੇ ਹੋਈ ਹਿੰਸਾ ‘ਚ ਜੰਗਲਾਤ ਗਾਰਡ ਸਮੇਤ 6 ਜਣਿਆ ਦੀ ਮੌਤ ਹੋ ਗਈ। ਅਸਾਮ ਦੇ ਜੰਗਲਾਤ ਕਰਮਚਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਕੱਟੀ ਹੋਈ ਲੱਕੜ ਨਾਲ ਲੱਦੇ ਇੱਕ ਟਰੱਕ ਨੂੰ ਰੋਕਿਆ ਸੀ ।
ਇਸਦੇ ਨਾਲ ਹੀ ਆਸਾਮ ਨੇ ਐਤਵਾਰ ਨੂੰ ਮੇਘਾਲਿਆ ‘ਤੇ ਲਗਾਈ ਯਾਤਰਾ ਪਾਬੰਦੀ ਹਟਾ ਦਿੱਤੀ ਗਈ ਹੈ । ਲਗਪਗ ਛੇ ਦਿਨਾਂ ਬਾਅਦ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ । ਜਾਣਕਾਰੀ ਮੁਤਾਬਕ ਅਸਾਮ ਤੋਂ ਆਉਣ ਵਾਲੇ ਵਾਹਨਾਂ ਨੂੰ ਹੁਣ ਮੇਘਾਲਿਆ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਜਿੱਥੇ ਵੀ ਲੋੜ ਹੈ, ਵਾਹਨਾਂ ਨੂੰ ਸੁਰੱਖਿਆ ਦੇ ਘੇਰੇ ਵਿੱਚ ਲਿਆ ਜਾ ਰਿਹਾ ਹੈ। ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਗਸ਼ਤ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਅਸਾਮ ਪੁਲਿਸ ਨੇ ਮੰਗਲਵਾਰ ਦੀ ਘਟਨਾ ਤੋਂ ਬਾਅਦ ਲੋਕਾਂ ਨੂੰ ਗੁਆਂਢੀ ਰਾਜ ਦੀ ਯਾਤਰਾ ਕਰਨ ਤੋਂ ਬਚਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ।