ਸ੍ਰੀ ਕੀਰਤਪੁਰ ਸਾਹਿਬ 07 ਨਵੰਬਰ 2022: ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਿਤੀ 2/11/2022 ਨੂੰ ਅੰਡਰ ਸੈਕਸ਼ਨ 379 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਹ ਮਾਮਲਾ ਯੁਧਵੀਰ ਸਿੰਘ ਵਾਸੀ ਪਿੰਡ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ |
ਉਨ੍ਹਾਂ ਦੱਸਿਆ ਕਿ ਯੁੱਧਵੀਰ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਬੁੰਗਾ ਸਾਹਿਬ ਬੱਸ ਸਟੈਂਡ ਤੇ ਮਿਤੀ 1/11/2022 ਨੂੰ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਗਿਆ ਸੀ ਜਦੋਂ ਉਹ ਦੂਸਰੇ ਦਿਨ ਮਿਤੀ 2/11/2022 ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ| ਜਿਸ ਤੋਂ ਬਾਅਦ ਸਾਡੇ ਵੱਲੋਂ ਯੁੱਧਵੀਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਐੱਫਆਈਆਰ ਨੰਬਰ 110 ਅੰਡਰ ਸੈਕਸ਼ਨ 379 ਮਿਤੀ 2 ਨਵੰਬਰ 2022 ਨੂੰ ਦਰਜ ਕੀਤਾ ਸੀ |
ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਿਹੜਾ ਮੋਟਰਸਾਈਕਲ ਯੁੱਧਵੀਰ ਸਿੰਘ ਦਾ ਬੁੰਗਾ ਸਾਹਿਬ ਬੱਸ ਅੱਡੇ ਤੋਂ ਚੋਰੀ ਹੋਇਆ ਹੈ | ਉਸ ਮੋਟਰਸਾਈਕਲ ਤੇ ਦੋ ਦੋਸ਼ੀ ਦੀਪਕ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਫਤਿਹਪੁਰ ਬੁੰਗਾ ਅਤੇ ਅਜੇ ਕੁਮਾਰ ਪੁੱਤਰ ਦਵਿੰਦਰ ਬਾਸੀ ਪਿੰਡ ਪ੍ਰਿਥੀਪੁਰ ਸਵਾਰ ਹੋ ਕੇ ਆ ਰਹੇ ਹਨ | ਜਿਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਵੱਲੋਂ ਪ੍ਰਿਥੀਪੁਰ ਬੁੰਗਾ ਵਿਖੇ ਨਾਕਾ ਲਗਾ ਕੇ ਦੋਵਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ |
ਤਫਤੀਸ਼ ਦੌਰਾਨ ਦੀਪਕ ਕੁਮਾਰ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਹੋਰ ਮੋਟਰਸਾਈਕਲ ਚੋਰੀ ਕੀਤਾ ਹੋਇਆ ਹੈ ਜੋ ਦੀਪਕ ਕੁਮਾਰ ਦੇ ਘਰੇ ਫਤਿਹਪੁਰ ਬੁੰਗਾ ਵਿਖੇ ਖੜ੍ਹਾ ਹੋਇਆ ਹੈ | ਜਿਸ ਨੂੰ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ | ਇਸ ਤੋਂ ਬਾਅਦ ਤਫ਼ਤੀਸ਼ ਦੌਰਾਨ ਹੋਰ ਪਤਾ ਲੱਗਿਆ ਕਿ ਇਨ੍ਹਾਂ ਵੱਲੋਂ ਹੋਰ ਦੋ ਮੋਟਰਸਾਈਕਲ ਚੋਰੀ ਕੀਤੇ ਗਏ ਹਨ |
ਇਨ੍ਹਾਂ ਦਾ ਇੱਕ ਸਾਥੀ ਸੌਰਭ ਪੁੱਤਰ ਦਵਿੰਦਰ ਵਾਸੀ ਪਿੰਡ ਦੱਤੇਵਾਲ ਹਿਮਾਚਲ ਪ੍ਰਦੇਸ਼ ਨਾਲਾਗੜ੍ਹ ਨੂੰ ਦੋ ਮੋਟਰਸਾਈਕਲ ਇਨ੍ਹਾਂ ਵੱਲੋਂ ਵੇਚੇ ਹੋਏ ਹਨ, ਜਿਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਵੱਲੋਂ ਸੌਰਭ ਦੇ ਘਰ ਰੇਡ ਕਰ ਕੇ ਉਸ ਕੋਲੋਂ ਇਕ ਮੋਟਰਸਾਈਕਲ ਬਰਾਮਦ ਕੀਤਾ | ਜਿਸ ਤੋਂ ਬਾਅਦ ਸੌਰਭ ਨੇ ਦੱਸਿਆ ਕਿ ਜਿਹੜਾ ਇੱਕ ਮੋਟਰਸਾਈਕਲ ਉਸ ਕੋਲ ਬਚਦਾ ਹੈ ਉਹ ਉਸ ਨੇ ਆਪਣੇ ਸਾਥੀ ਅਮਰਨਾਥ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜੰਡਿਆਲੀ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਨੂੰ ਵੇਚਿਆ ਹੋਇਆ ਹੈ |
ਜਿਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਵੱਲੋਂ ਚੌਥਾ ਮੋਟਰਸਾਈਕਲ ਅਮਰਨਾਥ ਤੋਂ ਬਰਾਮਦ ਕੀਤਾ ਗਿਆ ਹੈ ਥਾਣਾ ਮੁਖੀ ਨੇ ਦੱਸਿਆ ਕਿ ਦੀਪਕ ਅਤੇ ਅਜੇ ਕੁਮਾਰ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਜਿਹੜੇ ਦੋਸ਼ੀਆਂ ਵੱਲੋਂ ਮੋਟਰਸਾਈਕਲ ਚੋਰੀ ਕੀਤੇ ਗਏ ਸਨ, ਉਨ੍ਹਾਂ ਦੇ ਇੰਜਣ ਨੰਬਰ ਅਤੇ ਚਾਸੀ ਨੰਬਰ ਇਨ੍ਹਾਂ ਵੱਲੋਂ ਟੈਂਪਰ ਕੀਤੇ ਹੋਏ ਹਨ |
ਜਿਸ ਤੋਂ ਬਾਅਦ ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 465,467,468,471 ਦਾ ਵਾਧਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਚਾਰੋਂ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ, ਜੋ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਮੋਟਰਸਾਈਕਲ ਚੋਰੀ ਕਰਦੇ ਹਨ | ਉਨ੍ਹਾਂ ਦੱਸਿਆ ਕਿ ਇਹ ਇਕ ਤਰ੍ਹਾਂ ਦੀ ਗੈਂਗ ਦੀ ਤਰ੍ਹਾਂ ਆਪਰੇਟ ਕਰਦੇ ਹਨ ਅਤੇ ਇਹ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕੇ ਦਾ ਫਾਇਦਾ ਲੈਂਦੇ ਹੋਏ, ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ |
ਉਨ੍ਹਾਂ ਦੱਸਿਆ ਕਿ ਚਾਰੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਦੀਪਕ ਕੁਮਾਰ ਅਤੇ ਅਜੇ ਕੁਮਾਰ ਦਾ ਦੋ ਦਿਨ ਦਾ ਪੁਲਿਸ ਰਿਮਾਂਡ, ਸੌਰਭ ਅਤੇ ਅਮਰ ਨਾਥ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।